ਵਿਦਿਆਰਥੀਆਂ ਵਿਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ
ਸੰਗਰੂਰ–ਡੀ. ਟੀ. ਐੱਫ. ਸੰਗਰੂਰ ਦੀ 35ਵੀਂ ਵਜ਼ੀਫ਼ਾ ਪ੍ਰੀਖਿਆ ਅੱਜ ਜ਼ਿਲੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਸਫਲਤਾਪੂਰਵਕ ਸੰਪੰਨ ਹੋਈ। ਡੀ.ਟੀ.ਐੱਫ. ਵੱਲੋਂ ਪਿਛਲੇ 35 ਸਾਲਾਂ ਤੋਂ ਲਗਾਤਾਰ ਇਸ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੀਖਿਆ ਕਿਸੇ ਮਹਾਨ ਸ਼ਖਸੀਅਤ ਜਾਂ ਕਿਸੇ ਅਹਿਮ ਵਰਤਾਰੇ ਨੂੰ ਸਮਰਪਿਤ ਹੁੰਦੀ ਹੈ ਤਾਂ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਉਸ ਸ਼ਖਸੀਅਤ ਜਾਂ ਵਰਤਾਰੇ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਸ ਸਾਲ ਇਹ ਪ੍ਰੀਖਿਆ ਸਾਮਰਾਜੀ ਜੰਗ ਦਾ ਸ਼ਿਕਾਰ ਫ਼ਿਲਸਤੀਨੀ ਬੱਚਿਆਂ ਨੂੰ ਸਮਰਪਿਤ ਰਹੀ। ਇਸ ਸਮੇਂ ਵਧੇਰੇ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਜ਼ਿਲਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜ਼ਿਲਾ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਪ੍ਰੀਖਿਆ ਵਿਚ ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ।
ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਕੁੱਲ 3539 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਥੇਬੰਦੀ ਦੇ ਵੱਖ-ਵੱਖ ਜ਼ਿਲਾ ਅਤੇ ਬਲਾਕ ਆਗੂ ਤੇ ਕਾਰਕੁਨ ਅਧਿਆਪਕਾਂ ਨੇ ਪੂਰੀ ਤਨਦੇਹੀ ਨਾਲ ਮਿਹਨਤ ਕਰ ਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਟਿਆਲਾ ਜ਼ਿਲੇ ਦੇ ਵਿਦਿਆਰਥੀਆਂ ਦੀ ਮੰਗ ’ਤੇ ਜ਼ਿਲਾ ਕਮੇਟੀ ਨੇ ਇੱਥੋਂ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਦਾ ਇੰਤਜ਼ਾਮ ਕੀਤਾ।
ਪਟਿਆਲਾ ਜ਼ਿਲੇ ਦੇ ਕੁੱਲ 1300 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ। ਇੱਥੇ ਡੀ.ਟੀ.ਐੱਫ. ਦੇ ਸੀਨੀਅਰ ਆਗੂ ਤਰਸੇਮ ਲਾਲ ਧੂਰੀ ਦੇ ਪ੍ਰਬੰਧ ਹੇਠ ਇਹ ਪ੍ਰੀਖਿਆ ਹੋਈ। ਆਪਣੇ ਪੜ੍ਹਨ ਸਮੇਂ ਡੀ.ਟੀ.ਐੱਫ. ਦੀ ਵਜ਼ੀਫ਼ਾ ਪ੍ਰੀਖਿਆ ਦੇ ਇਨਾਮ ਜੇਤੂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਇਸ ਪ੍ਰੀਖਿਆ ਵਿਚ ਭਾਗ ਦਿਵਾਉਂਦੇ ਹੋਏ ਮਾਣ ਮਹਿਸੂਸ ਕੀਤਾ।
ਆਗੂਆਂ ਨੇ ਕਿਹਾ ਕਿ ਇਸ ਉੱਦਮ ਰਾਹੀਂ ਅਧਿਆਪਕਾਂ ਦੀ ਜਥੇਬੰਦੀ ਡੀ.ਟੀ.ਐੱਫ. ਵਿਦਿਆਰਥੀਆਂ ਨੂੰ ਰੱਟੇ ਅਤੇ ਨਕਲ ਦੀਆਂ ਬੁਰਾਈਆਂ ਤੋਂ ਰਹਿਤ, ਉੱਚੇ ਮਿਆਰ ਦੀ ਅਤੇ ਸਕਾਰਾਤਮਕ ਮੁਕਾਬਲੇ ਦੀ ਪ੍ਰੀਖਿਆ ਦਾ ਪ੍ਰਬੰਧ ਕਰਦੀ ਹੈ। ਜਥੇਬੰਦੀ ਉਨ੍ਹਾਂ ਨੂੰ ਆਪਣੇ ਮਹਾਨ ਇਨਕਲਾਬੀ ਵਿਰਸੇ ਨਾਲ ਜੋੜਨ, ਉਨ੍ਹਾਂ ਵਿਚ ਅਗਾਂਹ-ਵਧੂ, ਧਰਮ-ਨਿਰਪੱਖ, ਵਿਗਿਆਨਕ ਤੇ ਸਮਾਜਿਕ ਬਰਾਬਰੀ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਦਾ ਯਤਨ ਕਰਦੀ ਹੈ ਤਾਂ ਕਿ ਉਹ ਭਵਿੱਖ ਵਿਚ ਵਧੀਆ ਨਾਗਰਿਕ ਦੇ ਤੌਰ ’ਤੇ ਵਿਕਸਿਤ ਹੋਣ।
ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੂੰ ਅਲੱਗ-ਅਲੱਗ ਕੈਟਾਗਰੀਆਂ ਵਿਚ ਰੱਖ ਕੇ ਹਰੇਕ ਕੈਟਾਗਰੀ ਦੇ ਜਮਾਤਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਰੂਪ ਵਿਚ ਵਜ਼ੀਫ਼ਾ ਅਤੇ ਹੋਰ ਇਨਾਮ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਹਰੇਕ ਕੈਟਾਗਰੀ ਦੇ ਜਮਾਤਵਾਰ ਅਗਲੀਆਂ 10 ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਸਲਾ-ਵਧਾਊ ਇਨਾਮ ਦਿੱਤੇ ਜਾਣਗੇ। ਪਟਿਆਲਾ ਜ਼ਿਲੇ ਦੇ ਵਿਦਿਆਰਥੀਆਂ ਦੀ ਅਲੱਗ ਮੈਰਿਟ ਸੂਚੀ ਬਣਾਈ ਜਾਵੇਗੀ ਅਤੇ ਉਸ ਅਨੁਸਾਰ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਸਲਾ-ਵਧਾਊ ਇਨਾਮ ਦਿੱਤੇ ਜਾਣਗੇ।
