ਜਲੰਧਰ : ਪੰਜਾਬ ’ਚ ਡੀਜ਼ਲ ਮੋਟਰ ਯੂਨਿਟ (ਡੀ. ਐੱਮ. ਯੂ.) ਰੇਲ ਗੱਡੀ ਪੱਟੜੀ ਤੋਂ ਉਤਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਘਟਨਾ ਜਲੰਧਰ ’ਚ ਦੇਰ ਰਾਤ ਡੀ. ਐੱਮ. ਯੂ. ਯਾਰਡ ਵਿਚ ਰੇਲ ਗੱਡੀ ਮੇਨਟੈਂਸ ਤੋਂ ਬਾਅਦ ਉਥੋਂ ਨਿਕਲ ਰਹੀ ਸੀ ਤਾਂ ਅਚਾਨਕ ਹੀ ਪੱਟੜੀ ਤੋਂ ਉਤਰ ਗਈ। ਲਗਭਗ ਇਕ ਤੋਂ ਡੇਢ ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਡੀ. ਐੱਮ. ਯੂ. ਨੂੰ ਪੱਟੜੀ ’ਤੇ ਚੜ੍ਹਾਇਆ ਗਿਆ।

ਇਸ ਤੋਂ ਪਹਿਲਾਂ 9 ਜਨਵਰੀ ਨੂੰ ਜਲੰਧਰ ਆ ਰਹੀ ਮਾਲ ਗੱਡੀ ਫਿਲੌਰ ਅਤੇ ਫਗਵਾੜਾ ’ਚ ਪੱਟੜੀ ਤੋਂ ਉਤਰ ਗਈ ਸੀ। ਇਹ 21 ਦਿਨਾਂ ’ਚ ਦੂਜੀ ਘਟਨਾ ਹੈ, ਜਿਸ ਕਾਰਨ ਅਧਿਕਾਰੀ ਅਜਿਹੀਆਂ ਘਟਨਾਵਾਂ ਨੂੰ ਰੋਕਣ ’ਚ ਲਗਾਤਾਰ ਲੱਗੇ ਹੋਏ ਹਨ ਪਰ ਡਿਰੇਲਮੈਂਟ ਦੀਆਂ ਘਟਨਾਵਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ।
ਇਸ ਘਟਨਾ ਕਾਰਨ ਡੀ. ਐੱਮ. ਯੂ. ਸ਼ੈੱਡ ਦੇ ਉੱਚ ਅਧਿਕਾਰੀਆਂ ਦੇ ਹੱਥ-ਪੈਰ ਫੁਲ ਗਏ ਸਨ। ਫਿਰੋਜ਼ਪੁਰ ਡਵੀਜ਼ਨ ਦੇ ਅਧਿਕਾਰੀ ਵੀ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਹੁੰਚੇ ਅਤੇ ਇਸ ਮਾਮਲੇ ਸਬੰਧੀ ਇਕ ਜਾਂਚ ਕਮੇਟੀ ਵੀ ਬਣਾਈ ਗਈ ਹੈ ਪਰ ਕੋਈ ਵੀ ਅਧਿਕਾਰੀ ਘਟਨਾ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਕਿ ਆਖ਼ਿਰ ਸ਼ੁਰੂਆਤੀ ਨਜ਼ਰ ਵਿਚ ਕੀ ਕਾਰਨ ਰਹੇ ਹਨ?
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਡੀ. ਐੱਮ. ਯੂ. ਮੈਂਟੇਨੈਂਸ ਲਈ ਡੀ. ਐੱਮ. ਯੂ. ਸ਼ੈੱਡ ਵਿਚ ਆਈ ਹੋਈ ਸੀ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਇਸ ਨੂੰ ਮੁੱਖ ਲਾਈਨ ਵੱਲ ਲਿਜਾਇਆ ਜਾ ਰਿਹਾ ਸੀ, ਜਿਵੇਂ ਹੀ ਇਹ ਰੇਲਵੇ ਲਾਈਨ ਨੰਬਰ-ਦੋ ਦੇ ਨੇੜੇ ਪਹੁੰਚੀ ਤਾਂ ਉਸ ਦੇ ਪਹੀਏ ਪੱਟੜੀ ਤੋਂ ਉਤਰ ਗਏ। ਫਿਰ ਮੌਕੇ ’ਤੇ ਤਾਇਨਾਤ ਸਟਾਫ਼ ਨੇ ਇਸ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਅੱਧੇ ਘੰਟੇ ਦੇ ਅੰਦਰ-ਅੰਦਰ ਟੀਮਾਂ ਮੌਕੇ ’ਤੇ ਪਹੁੰਚ ਗਈਆਂ।
ਇਸ ਦੇ ਬਾਅਦ ਉਨ੍ਹਾਂ ਵੱਲੋਂ ਮੋਰਚਾ ਸੰਭਾਲਿਆ ਗਿਆ ਅਤੇ ਡੀ. ਐੱਮ. ਯੂ. ਨੂੰ ਫਿਰ ਤੋਂ ਪਟੜੀ ‘ਤੇ ਚੜ੍ਹਾ ਦਿੱਤਾ ਗਿਆ। ਇਹ ਘਟਨਾ ਮੁੱਖ ਲਾਈਨ ’ਤੇ ਨਾ ਹੋਣ ਕਾਰਨ ਕਿਸੇ ਤਰ੍ਹਾਂ ਦਾ ਕੋਈ ਵੀ ਰੂਟ ਅਤੇ ਰੇਲ ਪ੍ਰਭਾਵਿਤ ਨਹੀਂ ਹੋਈ।
