ਸਿਹਤ ਮੰਤਰੀ ਨੇ ਬਿਜਲੀ ਨਿਗਮ ਤੇ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਬੈਠਕ
–ਰਾਜਿੰਦਰਾ ਹਸਪਤਾਲ ਨੂੰ ਪੀ. ਜੀ. ਆਈ. ਦੀ ਤਰਜ ’ਤੇ ਪੋਸਟ ਗ੍ਰੈਜੂਏਟ ਟ੍ਰੇਨਿੰਗ ਇੰਸਟੀਚਿਊਟ ਵਜੋਂ ਕੀਤਾ ਜਾ ਰਿਹਾ ਵਿਕਸਿਤ
ਪਟਿਆਲਾ :-ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਬੀਤੇ ਦਿਨ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਅਪ੍ਰੇਸ਼ਨ ਥੀਏਟਰ ’ਚ ਅਚਾਨਕ ਬਿਜਲੀ ਬੰਦ ਹੋਣ ਦੀ ਜਾਂਚ ਦੇ ਹੁਕਮ ਦਿੱਤੇ ਹਨ। ਡਾ. ਬਲਬੀਰ ਸਿੰਘ ਨੇ ਅੱਜ ਰਾਜਿੰਦਰਾ ਹਸਪਤਾਲ ਦੇ ਬਿਜਲੀ 66 ਕੇ. ਵੀ. ਸਬ ਸਟੇਸ਼ਨ ਦਾ ਦੌਰਾ ਕਰ ਕੇ ਜਾਇਜ਼ਾ ਲਿਆ। ਇਸ ਮਗਰੋਂ ਉਨ੍ਹਾਂ ਨੇ ਬਿਜਲੀ ਨਿਗਮ ਦੇ ਡਾਇਰੈਕਟਰ ਵੰਡ, ਚੀਫ਼ ਇੰਜੀਨੀਅਰ ਸਮੇਤ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਦੇ ਚੀਫ਼ ਇੰਜੀਨੀਅਰ ਤੇ ਹੋਰ ਇੰਜੀਨੀਅਰਾਂ ਨਾਲ ਹੰਗਾਮੀ ਬੈਠਕ ਕਰਕੇ ਸਾਰੇ ਪੱਖਾਂ ਨੂੰ ਗਹੁ ਨਾਲ ਵਾਚਿਆ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਿਸੇ ਦੀ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੁਝ ਸਮਾਂ ਬਿਜਲੀ ਜਾਣ ਦੀ ਡੁੂੰਘਾਈ ਨਾਲ ਜਾਂਚ ਕਾਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਸਮੇਤ ਲੋਕ ਨਿਰਮਾਣ ਦੇ ਬਿਜਲੀ ਵਿੰਗ ਦੇ ਹਸਪਤਾਲ ਦੀ ਸਪਲਾਈ ਲਈ ਪ੍ਰਬੰਧਾਂ ਦਾ ਆਡਿਟ ਕੀਤਾ ਜਾ ਰਿਹਾ ਹੈ ਤੇ ਕਿਸੇ ਦੀ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਸਖ਼ਤ ਹਦਾਇਤ ਕੀਤੀ ਕਿ ਯੂ. ਪੀ. ਐੱਸ., ਜੈਨਰੇਟਰ ਸੈੱਟ ਤੇ ਬਿਜਲੀ ਲਾਈਨ ਬਦਲਣ ਦੇ ਪ੍ਰਬੰਧਾਂ ’ਚ ਕੋਈ ਕਮੀ ਨਾ ਰਹੇ, ਆਰ. ਐੱਮ. ਯੂ. ਵੀ ਤੁਰੰਤ ਲਗਾਇਆ ਜਾਵੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਸਪੱਸ਼ਟ ਆਦੇਸ਼ ਹਨ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਨੂੰ ਕਾਰਪੋਰੇਟ ਹਸਪਤਾਲਾਂ ਤੋਂ ਬਿਹਤਰ ਵਿਕਸਤ ਕਰਦੇ ਹੋਏ ਪੀ. ਜੀ. ਆਈ. ਦੀ ਤਰਜ ’ਤੇ ਪੋਸਟ ਗ੍ਰੈਜੂਏਟ ਟ੍ਰੇਨਿੰਗ ਇੰਸਟੀਚਿਊਟ ਬਣਾਇਆ ਜਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਜੁਲਾਈ ਮਹੀਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਰਜਿੰਦਰਾ ਹਸਪਤਾਲ ਵਿਖੇ ਬਿਜਲੀ ਦੀ ਨਿਰਵਿਘਨ ਸਪਲਾਈ ਲਈ 25 ਲੱਖ ਰੁਪਏ ਦੀ ਲਾਗਤ ਨਾਲ 11 ਕੇ. ਵੀ. ਦੀ ਇਕ ਹੋਰ ਵਾਧੂ ਲਾਈਨ ਚਾਲੂ ਕਰਵਾਈ ਸੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਬਿਜਲੀ ਪ੍ਰਬੰਧਾਂ ਸਮੇਤ ਹਸਪਤਾਲ ਦੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਗਾਤਾਰ ਲਿਆ ਜਾਂਦਾ ਹੈ ਅਤੇ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਯੂ. ਪੀ. ਐੱਸ. ਦਾ ਅੱਧੇ ਘੰਟੇ ਦਾ ਬੈੱਕਅਪ ਰਹੇ, ਜੈਨਰੇਟਰ 1 ਤੋਂ 2 ਮਿੰਟ ’ਚ ਚੱਲ ਜਾਵੇ ਅਤੇ 10 ਮਿੰਟ ’ਚ ਲਾਈਨ ਬਦਲ ਜਾਵੇ ਤਾਂ ਕਿ ਭਵਿੱਖ ’ਚ ਬਿਜਲੀ ਸਪਲਾਈ ਨਿਰਵਿਘਨ ਜਾਰੀ ਰੱਖਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।
ਡਾਕਟਰ ਮਰੀਜ਼ਾਂ ਦੇ ਇਲਾਜ ਸਮੇਂ ਸ਼ਾਂਤ ਰਹਿ ਕੇ ਸਹਿਣਸ਼ੀਲਤਾ ਤੇ ਧੀਰਜ ਤੋਂ ਕੰਮ ਲੈਣ
ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਅਪ੍ਰੇਸ਼ਨ ਦੌਰਾਨ ਬੀਤੇ ਦਿਨ ਬਿਜਲੀ ਜਾਣ ਦੇ ਬਾਵਜੂਦ ਵੀ ਮਰੀਜ਼ ਦਾ ਇਲਾਜ ਕਰਦੇ ਰਹੇ ਡਾਕਟਰ ਪ੍ਰਸ਼ੰਸਾ ਦੇ ਪਾਤਰ ਹਨ ਪ੍ਰੰਤੂ ਜਿਸਨੇ ਘਬਰਾਹਟ ’ਚ ਆ ਕੇ ਸਮਾਂ ਸੰਭਾਲਣ ਦੀ ਥਾਂ ਵੀਡੀਓ ਬਣਾਈ, ਅਜਿਹੇ ਡਾਕਟਰ ਦੀ ਪ੍ਰਸ਼ੰਸਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਡਾਕਟਰਾਂ ਨੂੰ ਸਲਾਹ ਦਿੱਤੀ ਕਿ ਉਹ ਮਰੀਜ਼ਾਂ ਦੇ ਇਲਾਜ ਦੌਰਾਨ ਸ਼ਾਂਤ ਰਹਿ ਕੇ ਸਹਿਣਸ਼ੀਲਤਾ ਤੇ ਧੀਰਜ ਨਾਲ ਕੰਮ ਕਰਨ।
ਸਿਹਤ ਮੰਤਰੀ ਨੇ ਮਰੀਜ਼ ਨੂੰ ਮਿਲਕੇ ਜਾਣਿਆ ਹਾਲ-ਚਾਲ
ਇਸ ਦੌਰਾਨ ਸਿਹਤ ਮੰਤਰੀ ਨੇ ਹਸਪਤਾਲ ਦੀ ਓਨਕੋਲੋਜੀ ਸਰਜਰੀ ਵਾਰਡ ’ਚ ਦਾਖਲ ਬਜ਼ੁਰਗ ਮਹਿਲਾ ਮਰੀਜ਼ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਮਰੀਜ਼ ਦੇ ਵਾਰਿਸਾਂ ਤੇ ਸਰਜਨ ਡਾ. ਅਨੁਭਾ ਨਾਲ ਵੀ ਗੱਲਬਾਤ ਕੀਤੀ ਤੇ ਮਰੀਜ਼ ਦੇ ਇਲਾਜ ਉਪਰ ਸਤੁੰਸ਼ਟੀ ਦਾ ਇਜ਼ਹਾਰ ਕੀਤਾ।
ਇਸ ਦੌਰਾਨ ਮੈਡੀਕਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ, ਡੀ. ਆਰ. ਐੱਮ. ਈ. ਡਾ. ਅਵਨੀਸ਼ ਕੁਮਾਰ, ਪੀ. ਐੱਸ. ਪੀ. ਸੀ. ਐੱਲ. ਦੇ ਡਾਇਰੈਕਟਰ ਵੰਡ ਡੀ. ਪੀ. ਐੱਸ. ਗਰੇਵਾਲ, ਚੀਫ਼ ਇੰਜੀਨੀਅਰ ਆਰ. ਕੇ. ਮਿੱਤਲ ਤੇ ਆਰ. ਐੱਲ. ਮਿੱਤਲ, ਲੋਕ ਨਿਰਮਾਣ ਦੇ ਇਲੈਕਟਰੀਕਲ ਵਿੰਗ ਦੇ ਚੀਫ਼ ਇੰਜੀਨੀਅਰ ਵਿਜੇ ਕੁਮਾਰ ਚੋਪਡ਼ਾ, ਨਿਗਰਾਨ ਇੰਜੀਨੀਅਰ ਵਿਕਾਸ ਗੁਪਤਾ, ਕਾਰਜਕਾਰੀ ਇੰਜੀਨੀਅਰ ਪਰਮਜੀਤ ਸਿੰਘ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ ਤੇ ਹੋਰ ਅਧਿਕਾਰੀ ਮੌਜੂਦ ਸਨ।
