4.04 ਕਿਲੋਗ੍ਰਾਮ ਹੈਰੋਇਨ ਬਰਾਮਦ
ਅੰਮ੍ਰਿਤਸਰ :-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਇਕ ਅੰਤਰਰਾਸ਼ਟਰੀ ਨਾਰਕੋ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਇਕ ਇਨਫੋਰਸਮੈਂਟ ਏਜੰਸੀ ਦੇ ਇਕ ਅਧਿਕਾਰੀ ਅਤੇ 8 ਸੰਚਾਲਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4.04 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਸ਼ੁਰੂ ਵਿਚ ਪੁਲਸ ਨੇ 2 ਗ੍ਰਿਫ਼ਤਾਰ ਕੀਤੇ ਵਿਅਕਤੀਆਂ, ਜਿਨ੍ਹਾਂ ਦੀ ਪਛਾਣ ਹਰਿਆਣਾ ਦੇ ਰੋਹਤਕ ਦੇ ਮਨਜੀਤ ਵਜੋਂ ਹੋਈ ਹੈ, ਜੋ ਇਸ ਸਮੇਂ ਇਕ ਇਨਫੋਰਸਮੈਂਟ ਏਜੰਸੀ ਵਿਚ ਇੰਸਪੈਕਟਰ ਵਜੋਂ ਤਾਇਨਾਤ ਹੈ ਅਤੇ ਰਵੀ ਕੁਮਾਰ ਜੋ ਕਿ ਫਿਰੋਜ਼ਪੁਰ ਦੇ ਗਾਂਧੀ ਨਗਰ ਦਾ ਰਹਿਣ ਵਾਲਾ ਹੈ, ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਖੇਪਾਂ ਦੀ ਡਿਲਿਵਰੀ ਲਈ ਵਰਤੀ ਜਾ ਰਹੀ ਉਨ੍ਹਾਂ ਦੀ ਰਾਇਲ ਐਨਫੀਲਡ ਮੋਟਰਸਾਈਕਲ ਨੂੰ ਵੀ ਜ਼ਬਤ ਕਰ ਲਿਆ ਹੈ।
ਪੁਲਸ ਕਮਿਸ਼ਨਰ ਨੇ ਕਿਹਾ ਕਿ ਇਨਫੋਰਸਮੈਂਟ ਏਜੰਸੀ ਦਾ ਗ੍ਰਿਫ਼ਤਾਰ ਅਧਿਕਾਰੀ ਆਪਣੇ ਸਹਿ-ਦੋਸ਼ੀ ਰਵੀ ਨਾਲ ਮਿਲ ਕੇ ਨੈੱਟਵਰਕ ਨੂੰ ਸੁਵਿਧਾਜਨਕ ਬਣਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਸੀ। ਇਹ ਦੋਵੇਂ ਸਰਹੱਦ ਪਾਰ ਤੋਂ ਖੇਪਾਂ ਦੀ ਸਪਲਾਈ ਕਰ ਰਹੇ ਸਨ। ਮੁਲਜ਼ਮ ਰਵੀ ਸਿੱਧੇ ਤੌਰ ’ਤੇ ਵਿਦੇਸ਼ੀ ਸਮੱਗਲਰਾਂ ਦੇ ਸੰਪਰਕ ਵਿਚ ਸੀ। ਹੋਰ ਜਾਂਚਾਂ ਨਾਲ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਹਵਾਲਾ ਵਿੱਤ ਪੋਸ਼ਣ ਵਿਚ ਸ਼ਾਮਲ 6 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਬਾਕੀ 6 ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਧਲਵਿੰਦਰ ਸਿੰਘ ਵਾਸੀ ਪਿੰਡ ਧਨੋਆ ਖੁਰਦ, ਰੋਹਿਤ ਸ਼ਰਮਾ ਉਰਫ਼ ਰੋਹਿਤ ਵਾਸੀ ਹਰਕ੍ਰਿਸ਼ਨ ਨਗਰ, ਅਭਿਸ਼ੇਕ ਸਿੰਘ ਵਾਸੀ ਪਿੰਡ ਚੋਗਾਵਾਂ, ਅਰਸ਼ਦੀਪ ਸਿੰਘ ਵਾਸੀ ਬਾਬਾ ਦੀਪ ਸਿੰਘ ਕਲੋਨੀ ਅੰਮ੍ਰਿਤਸਰ, ਅਮਿਤ ਕੁਮਾਰ ਉਰਫ਼ ਸੋਨੂੰ ਵਾਸੀ ਸੁੰਦਰ ਨਗਰ ਅੰਮ੍ਰਿਤਸਰ ਅਤੇ ਸਤਨਾਮ ਸਿੰਘ ਵਾਸੀ ਪਿੰਡ ਛਿੱੱਡਣ ਵਜੋਂ ਹੋਈ ਹੈ। ਦੂਜੇ ਮਾਡਿਊਲ ਵਿਚ ਗ੍ਰਿਫ਼ਤਾਰ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇਕ ਅਮਿਤ ਵਜੋਂ ਪਛਾਣਿਆ ਗਿਆ ਹੈ ਜੋ ਇਲਾਕੇ ਵਿਚ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਸੁਚਾਰੂ ਬਣਾਉਣ ਲਈ ਸਰਹੱਦ ਪਾਰ ਹਵਾਲਾ ਨੈੱਟਵਰਕ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਐੱਨ. ਡੀ. ਪੀ. ਐੱਸ. ਐਕਟ ਦੀਆਂ ਸੰਬੰਧਤ ਧਾਰਾਵਾਂ ਤਹਿਤ ਕਈ ਐੱਫ. ਆਈ. ਆਰਜ਼ ਛੇਹਰਟਾ ਅਤੇ ਰਣਜੀਤ ਐਵੇਨਿਊ ਪੁਲਸ ਸਟੇਸ਼ਨਾਂ ਵਿਚ ਦਰਜ ਕੀਤੀਆਂ ਗਈਆਂ ਹਨ, ਜਦਕਿ ਇਹ ਵੀ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਵਿਆਪਕ ਸ਼ਮੂਲੀਅਤ ਦਾ ਸੰਕੇਤ ਮਿਲਦਾ ਹੈ-ਪੂਰੇ ਨੈੱਟਵਰਕ ਨੂੰ ਲੱਭਣ ਅਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ ਪੁਲਸ ਕਮਿਸ਼ਨਰ ਭੁੱਲਰ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਡੀ. ਸੀ. ਪੀ. ਜਾਂਚ ਰਵਿੰਦਰ ਪਾਲ ਸਿੰਘ ਸੰਧੂ, ਏ. ਡੀ. ਸੀ. ਪੀ. ਜਾਂਚ ਜਗਬਿੰਦਰ ਸਿੰਘ ਅਤੇ ਏ. ਸੀ. ਪੀ. ਜਾਂਚ ਹਰਮਿੰਦਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਸੀ. ਆਈ. ਏ.-1 ਦੇ ਇੰਚਾਰਜ ਅਮੋਲਕਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਟੀਮਾਂ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਟੀਮਾਂ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਸ਼ਾਮਲ ਇਕ ਹੋਰ ਸਾਥੀ ਦੀ ਵੀ ਪਛਾਣ ਕੀਤੀ ਹੈ, ਜਦਕਿ ਉਸ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ, ਜਿਸ ਨੂੰ ਖੇਪ ਪ੍ਰਾਪਤ ਹੋਣੀ ਸੀ। ਉਨ੍ਹਾਂ ਕਿਹਾ ਕਿ ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੁਆਰਾ ਹੁਣ ਤੱਕ ਖਰੀਦੀਆਂ ਗਈਆਂ ਨਸ਼ੀਲੀਆਂ ਦਵਾਈਆਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ।
