ਚੋਰੀ ਦੇ 45 ਟਰਾਂਸਫਾਰਮਰਾਂ ਦਾ 450 ਕਿਲੋ ਤਾਂਬਾ ਬਰਾਮਦ
ਮਲੋਟ -ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਥਾਣਾ ਮਲੋਟ ਦੀ ਪੁਲਸ ਨੇ ਟਰਾਂਸਫਾਰਮਰ ਚੋਰੀ ਕਰਨ ਵਾਲੇ 9 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ। ਇਨ੍ਹਾਂ ਵਿਚੋਂ ਇਕ ਔਰਤ ਸਮੇਤ 7 ਜਣਿਆਂ ਨੂੰ ਕਾਬੂ ਵੀ ਕੀਤਾ ਹੈ। ਪੁਲਸ ਨੇ ਹੁਣ ਤੱਕ ਇਨ੍ਹਾਂ ਕੋਲੋਂ 450 ਕਿਲੋ ਤਾਂਬਾ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਇਸ ਸਬੰਧੀ ਡੀ. ਐੱਸ. ਪੀ. ਮਲੋਟ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਸਦਰ ਮਲੋਟ ਅਤੇ ਕਬਰਵਾਲਾ ਦੇ ਪਿੰਡਾਂ ਵਿਚ ਅਗਿਆਤ ਚੋਰ ਗਿਰੋਹ ਵੱਲੋਂ ਖੇਤਾਂ ਵਿਚੋਂ ਕਿਸਾਨਾਂ ਦੇ ਟਰਾਂਸਫਾਰਮ ਚੋਰੀ ਕੀਤੇ ਜਾ ਰਹੇ ਹਨ। ਇਸ ਸਬੰਧੀ ਸਦਰ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਵਰੁਣ ਯਾਦਵ ਦੀ ਅਗਵਾਈ ਹੇਠ ਏ. ਐੱਸ. ਆਈ. ਸਤਵੰਤ ਸਿੰਘ ਵੱਲੋਂ ਗੁਰਸ਼਼ਵਿੰਦਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਮਲੋਟ ਦੇ ਬਿਆਨਾਂ ’ਤੇ ਅਜੇ ਕੁਮਾਰ ਵਾਸੀ ਈਦਗਾਹ ਬਸਤੀ ਅਬੋਹਰ ਅਤੇ ਗੁਰਸੇਵਕ ਸਿੰਘ ਵਾਸੀ ਇੰਦਰਾ ਨਗਰੀ ਅਬੋਹਰ ਵਿਰੁੱਧ ਚੋਰੀ ਦਾ ਮਾਮਲਾ ਦਰਜ ਕੀਤਾ।
ਪੁਲਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਕੀਤੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਉਹ ਇਹ ਚੋਰੀਆਂ ਆਪਣੇ 5 ਹੋਰ ਸਾਥੀਆਂ ਨਾਲ ਕਰਦੇ ਹਨ। ਚੋਰੀ ਕੀਤੇ ਟਰਾਂਸਫਾਰਮਰਾਂ ਵਿਚੋਂ ਤਾਂਬਾ ਕੱਢ ਕੇ ਅਬੋਹਰ ਦੇ ਇਕ ਕਬਾੜੀਏ ਪਤੀ-ਪਤਨੀ ਨੂੰ ਵੇਚਦੇ ਹਨ।
ਇਸ ਮਾਮਲੇ ’ਤੇ ਪੁਲਸ ਨੇ ਕਾਰਵਾਈ ਕਰ ਕੇ ਉਕਤ ਦੋਵਾਂ ਦੋਸ਼ੀਆਂ ਤੋਂ ਇਲਾਵਾ ਸੂਰਜ ਕੁਮਾਰ ਮਹੂਆ ਵਾਸੀ ਇੰਦਰਾ ਨਗਰੀ ਅਬੋਹਰ , ਰਵੀ ਕੁਮਾਰ ਉਰਫ ਰਵੀ ਵਾਸੀ ਇੰਦਰਾ ਨਗਰੀ ਅਬੋਹਰ, ਕਾਲਾ ਸਿੰਘ ਵਾਸੀ ਇੰਦਰਾ ਨਗਰੀ ਅਬੋਹਰ, ਅਕਾਸ਼ ਨਰੂਲਾ ਵਾਸੀ ਪ੍ਰੇਮ ਨਗਰ ਅਬੋਹਰ ਤੇ ਕਬਾੜੀ ਦਾ ਕੰਮ ਕਰਦੇ ਸੁਖਮੰਦਰ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਜੰਮੂ ਬਸਤੀ ਅਬੋਹਰ ਨੂੰ ਗ੍ਰਿਫਤਾਰ ਕਰ ਲਿਆ।
ਇਸ ਮਾਮਲੇ ਵਿਚ ਅਜੇ ਤੱਕ ਕਬਾੜੀ ਸੁਖਮੰਦਰ ਕੌਰ ਦੇ ਪਤੀ ਰਜਿੰਦਰ ਉਰਫ ਲਾਲਾ ਅਤੇ ਰੋਹਿਤ ਡਾਂਸਰ ਵਾਸੀ ਇੰਦਰਾ ਨਗਰੀ ਅਬੋਹਰ ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਨੇ ਇਨ੍ਹਾਂ ਕੋਲੋਂ 450 ਕਿਲੋ ਤਾਂਬਾ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ।
ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਹੁਣ ਤੱਕ ਇਸ ਖੇਤਰ ਵਿਚੋਂ 45 ਟਰਾਂਸਫਾਰਮਰਾਂ ਵਿਚੋਂ ਤਾਂਬਾ ਚੋਰੀ ਕੀਤਾ ਹੈ। ਉਕਤ ਸਾਰੇ ਦੋਸ਼ੀਆਂ ਨੂੰ ਚੋਰੀ ਦੇ ਇਸ ਮਾਮਲੇ ਵਿਚ ਨਾਮਜ਼ਦ ਕਰ ਕੇ ਵਾਧਾ ਜੁਰਮ ਕੀਤਾ ਹੈ।
ਪੁਲਸ ਨੇ ਦੱਸਿਆ ਕਿ ਦੋਸ਼ੀਆਂ ਵਿਚੋਂ ਅਜੈ ਕੁਮਾਰ ਵਿਰੁੱਧ ਚੋਰੀ ਤੇ ਅਗਵਾ ਦੇ ਦੋ ਵੱਖ-ਵੱਖ ਮਾਮਲੇ ਦਰਜ ਹਨ। ਜਦਕਿ ਕਾਲਾ ਸਿੰਘ ਵਿਰੁੱਧ ਨਸ਼ੇ, ਚੋਰੀ ਅਤੇ ਨਾਜਾਇਜ਼ ਅਸਲਾ ਰੱਖਣ ਸਮੇਤ 5 ਮਾਮਲੇ ਦਰਜ ਹਨ। ਇਸ ਤਰ੍ਹਾਂ ਸੂਰਜ ਕੁਮਾਰ ਮਹੂਆ ਵਿਰੁੱਧ ਚੋਰੀ ਦੇ 7 ਮਾਮਲੇ ਦਰਜ ਹੋ ਚੁੱਕੇ ਹਨ। ਪੁਲਸ ਵੱਲੋਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
