7 ਜ਼ਖਮੀ, 5 ਲੋਕਾਂ ਦੇ ਡੁੱਬਣ ਦਾ ਖਦਸ਼ਾ
ਪੁੰਛ : ਜੰਮੂ-ਕਸ਼ਮੀਰ ਦੇ ਪੁੰਛ ਵਿਚ ਕਲਾਈ ਇਲਾਕੇ ’ਚ ਇਕ ਬੇਕਾਬੂ ਕਾਰ ਪੁਲਸਤਿਆ ਨਦੀ ’ਚ ਡਿੱਗ ਗਈ। ਕਾਰ ਵਿਚ ਸਵਾਰ 7 ਯਾਤਰੀ ਨਦੀ ਦੇ ਤੇਜ਼ ਵਹਾਅ ਵਿਚ ਫਸ ਗਏ। ਸੂਚਨਾ ਮਿਲਦੇ ਹੀ ਮੌਕੇ ’ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਅਤੇ ਐੱਸ. ਡੀ. ਆਰ. ਐੱਫ. ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਰੱਸੀ ਦੀ ਮਦਦ ਨਾਲ ਲੋਕਾਂ ਨੂੰ ਇਕ-ਇਕ ਕਰ ਕੇ ਕਿਨਾਰੇ ’ਤੇ ਲਿਆਂਦਾ ਗਿਆ। ਪੁਲਿਸ ਅਨੁਸਾਰ ਕਾਰ ਵਿਚ ਲਗਭਗ 12 ਲੋਕ ਸਵਾਰ ਸਨ। ਬਾਕੀ ਲੋਕ ਪਾਣੀ ਦੇ ਵਹਾਅ ਵਿਚ ਵਹਿ ਗਏ। ਤਲਾਸ਼ੀ ਮੁਹਿੰਮ ਜਾਰੀ ਹੈ।
ਨਦੀ ਦਾ ਵਹਾਅ ਇੰਨਾ ਤੇਜ਼ ਸੀ ਕਿ ਬਚਾਅ ਟੀਮ ਨੂੰ ਬਹੁਤ ਮਿਹਨਤ ਕਰਨੀ ਪਈ। ਇਸ ਹਾਦਸੇ ਵਿਚ 7 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਚਾਅ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ 3 ਜ਼ਖਮੀਆਂ ਨੂੰ ਰਾਜੌਰੀ ਰੈਫਰ ਕਰ ਦਿੱਤਾ ਗਿਆ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਕਾਰ ਨੂੰ ਨਦੀ ’ਚੋਂ ਬਾਹਰ ਕੱਢਿਆ ਜਾ ਸਕਿਆ। ਸ਼ੱਕ ਹੈ ਕਿ ਕਾਰ ਵਿਚ 5 ਹੋਰ ਲੋਕ ਵੀ ਸਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਹਾਦਸਾ ਬੀਤੀ ਰਾਤ ਨੂੰ ਵਾਪਰਿਆ। ਪੁੰਛ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐੱਸ. ਐੱਸ. ਪੀ.) ਸ਼ਫਕਤ ਹੁਸੈਨ ਨੇ ਕਿਹਾ ਕਿ ਸਾਨੂੰ ਘਟਨਾ ਬਾਰੇ ਸ਼ਾਮ 7:30 ਵਜੇ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਕਾਰ ਨਦੀ ਵਿੱਚ ਡੁੱਬ ਗਈ ਸੀ ਅਤੇ ਅਸੀਂ ਸੱਤ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਪਰ ਹੋਰ ਯਾਤਰੀਆਂ ਦੀ ਭਾਲ ਜਾਰੀ ਹੈ।
ਚਸ਼ਮਦੀਦਾਂ ਅਨੁਸਾਰ ਸੜਕ ਫਿਸਲਣ ਕਾਰਨ ਗੱਡੀ ਸੰਤੁਲਨ ਗੁਆ ਬੈਠੀ ਅਤੇ ਸਿੱਧੀ ਨਦੀ ਵਿਚ ਡਿੱਗ ਗਈ। ਪੁਲਿਸ ਅਤੇ ਪ੍ਰਸ਼ਾਸਨ ਦੀ ਸਮੇਂ ਸਿਰ ਮੁਸਤੈਦੀ ਕਾਰਨ ਯਾਤਰੀਆਂ ਦੀ ਜਾਨ ਬਚਾਈ ਜਾ ਸਕੀ। ਅਧਿਕਾਰੀਆਂ ਨੇ ਡਰਾਈਵਰਾਂ ਨੂੰ ਪਹਾੜੀ ਇਲਾਕਿਆਂ ਵਿਚ ਖਾਸ ਕਰ ਕੇ ਖਰਾਬ ਮੌਸਮ ਦੌਰਾਨ, ਸਾਵਧਾਨੀ ਨਾਲ ਗੱਡੀ ਚਲਾਉਣ ਦੀ ਅਪੀਲ ਕੀਤੀ ਹੈ।
