ਤਿਆਰ ਕੀਤੀਆਂ 3 ਹੱਟਸ ਦਾ ਨਿਰੀਖਣ ਕੀਤਾ
ਹੁਸ਼ਿਆਰਪੁਰ :-ਦਿੱਲੀ ਵਿਧਾਨ ਸਭਾ ਚੋਣਾਂ ਵਿਚ ਲੰਬੇ ਰੁਝੇਵਿਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੀ ਸ਼ਾਮ ਹੁਸ਼ਿਆਰਪੁਰ-ਚਿੰਤਪੁਰਨੀ ਰੋਡ ਦੀਆਂ ਪਹਾੜੀਆਂ ’ਤੇ ਸਥਿਤ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਪਹੁੰਚੇ। ਜਿਥੇ ਡੀ. ਸੀ. ਕੋਮਲ ਮਿੱਤਲ, ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਅਤੇ ਜੰਗਲਾਤ ਵਿਭਾਗ ਦੇ ਕੰਜ਼ਰਵੇਟਰ ਡਾ. ਸੰਜੀਵ ਤਿਵਾੜੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਰਾਤ ਨੂੰ ਪਹਾੜੀ ਇਲਾਕਿਆਂ ਦਾ ਦੌਰਾ ਕੀਤਾ ਅਤੇ ਜੰਗਲਾਤ ਰੈਸਟ ਹਾਊਸ ਵਿਚ ਉਨ੍ਹਾਂ ਨੂੰ ਰਾਤ ਦਾ ਖਾਣਾ ਪਰੋਸਿਆ ਗਿਆ। ਰਾਤ ਨੂੰ ਆਰਾਮ ਵੀ ਉਨ੍ਹਾਂ ਨੇ ਉੱਥੇ ਹੀ ਕੀਤਾ।
ਅੱਜ ਸਵੇਰੇ ਪਹਾੜੀ ਇਲਾਕੇ ਵਿਚ ਸੈਰ ਕਰਨ ਉਪਰੰਤ ਮੁੱਖ ਮੰਤਰੀ ਨੇ ਜੰਗਲਾਤ ਵਿਭਾਗ ਵੱਲੋਂ ਉੱਥੇ ਤਿਆਰ ਕੀਤੀਆਂ ਗਈਆਂ 3 ਹੱਟਸ ਦਾ ਨਿਰੀਖਣ ਕੀਤਾ ਅਤੇ ਸਾਡਾ ਪਿੰਡ ਰੈਸਟੋਰੈਂਟ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਨੇ ਕੰਜ਼ਰਵੇਟਰ ਡਾ. ਸੰਜੀਵ ਤਿਵਾੜੀ ਵੱਲੋਂ ਸੈਰ-ਸਪਾਟੇ ਨੂੰ ਧਿਆਨ ਵਿਚ ਰੱਖਦੇ ਹੋਏ ਵਿਕਸਿਤ ਕੀਤੇ ਜਾ ਰਹੇ ਪ੍ਰਾਜੈਕਟਾਂ ਦੀ ਸ਼ਲਾਘਾ ਕੀਤੀ। ਉਹ ਅੱਜ ਦੁਪਹਿਰ 2.30 ਵਜੇ ਦੇ ਕਰੀਬ ਖਾਣੇ ਤੋਂ ਬਾਅਦ ਉੱਥੋਂ ਰਵਾਨਾ ਹੋਏ। ਇਸ ਮੌਕੇ ਸਿਵਲ ਸਰਜਨ ਡਾ. ਪਵਨ ਕੁਮਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
