ਜੈਕਾਰਿਆਂ ਦੀ ਗੂੰਜ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ

ਤਪਾ ਮੰਡੀ :- ਗੁਰਦੁਆਰਾ ਟਿੱਬਾ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬ੍ਰਹਮ ਗਿਆਨੀ ਤਪੱਸਵੀ ਸੰਤ ਨਾਰਾਇਣ ਸਿੰਘ ਮੋਨੀ ਤਪਾ ਦਰਾਜ ਮੁਹਾਲੀ ਵਾਲਿਆਂ ਜੀ ਦੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਜੈਕਾਰਿਆਂ ਦੀ ਗੂੰਜ ’ਚ ਸ਼ੁਰੂ ਹੋਏ ਨਗਰ ਕੀਰਤਨ ਦੌਰਾਨ ਇਲਾਕੇ ਦੀਆਂ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਰਾਗੀ ਢਾਡੀ ਤੇ ਪ੍ਰਚਾਰਕਾਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਅਤੇ ਧਾਰਮਿਕ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਗਿਆ।
ਇਸ ਮੌਕੇ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਨਾਰਾਇਣ ਸਿੰਘ ਮੋਨੀ ਜੀ ਨੇ ਜਿੱਥੇ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਆਪ ਕਮਾਈ ਕੀਤੀ, ਉਥੇ ਸਾਨੂੰ ਵੀ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਜੀਵਨ ਜਿਊਣ ਦੀ ਜੁਗਤ ਦ੍ਰਿੜ੍ਹ ਕਰਵਾਈ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਨਗਰ ਕੀਰਤਨ ਗੁਰਦੁਆਰਾ ਸਾਹਿਬ ਟਿੱਬਾ ਸਾਹਿਬ ਤੋਂ ਦਰਾਜ ਵਾਲੇ ਰੇਲਵੇ ਫਾਟਕ ਅਤੇ ਦਰਾਜ ਕਾਲੋਨੀ ਤਪਾ, ਪਿੰਡ ਦਰਾਜ ’ਚੋਂ ਬਾਬਾ ਗੁਰਦਿੱਤ ਸਾਹਿਬ ਗੁਰਦੁਆਰਾ ਦਰਾਜ ਤੋਂ ਦਰਾਕਾ ਹੁੰਦਾ ਹੋਇਆ ਗੁਰਦੁਆਰਾ ਟਿੱਬਾ ਸਾਹਿਬ ਤਪਾ ਦਰਾਜ ਵਿਖੇ ਸਮਾਪਤ ਹੋਇਆ। ਇੰਟਰਨੈਸ਼ਨਲ ਗਤਕਾ ਟੀਮ ਮਾਛੀਵਾੜੇ ਨੇ ਸ਼ਸਤਰ ਵਿੱਦਿਆ ਦੇ ਜੌਹਰ ਦਿਖਾਏ।
ਸੰਤ ਬਾਬਾ ਨਾਰਾਇਣ ਸਿੰਘ ਮੋਨੀ ਜੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ’ਚ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰੀ ਤੇ ਕਥਾ ਵਾਚਕਾਂ ਵੱਲੋਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਨਗਰ ਕੀਰਤਨ ਦਾ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ ਤੇ ਵੱਖ-ਵੱਖ ਤਰ੍ਹਾਂ ਦੇ ਸੰਗਤਾਂ ਵੱਲੋਂ ਥਾਂ-ਥਾਂ ’ਤੇ ਲੰਗਰ ਲਾਏ ਗਏ।
ਸੰਤ ਨਾਰਾਇਣ ਸਿੰਘ ਮੋਨੀ ਮੈਮੋਰੀਅਲ ਟਰੱਸਟ ਤਪਾ ਦਰਾਜ ਦੇ ਚੇਅਰਮੈਨ ਜਗਦੀਸ ਸਿੰਘ ਬਰਾੜ ਅਤੇ ਮੈਨੇਜਰ ਜੰਗ ਸਿੰਘ ਜੰਗੀਆਣਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਸਰਪੰਚ ਗੁਰਜੰਟ ਸਿੰਘ ਧਾਲੀਵਾਲ, ਹੈੱਡ ਮਾਸਟਰ ਬਲਵਿੰਦਰ ਸਿੰਘ, ਕਸ਼ਮੀਰਾ ਸਿੰਘ, ਲੈਕਚਰਾਰ ਭਗਵੰਤ ਸਿੰਘ, ਮਾਸਟਰ ਹਰਪਾਲ ਸਿੰਘ (ਸਾਰੇ ਟਰੱਸਟ ਦੇ ਮੈਂਬਰ) ਅਤੇ ਟਰੱਸਟ ਦੀ ਜਰਨਲ ਸਕੱਤਰ ਬੀਬੀ ਨਛੱਤਰ ਕੌਰ, ਬਿਮਲਜੀਤ ਸਿੰਘ ਕੈਨੇਡਾ, ਸਾਬਕਾ ਪ੍ਰਧਾਨ ਨਿਰੰਜਨ ਸਿੰਘ, ਹੈੱਡ ਗ੍ਰੰਥੀ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਪਲਾਹਾ (ਯੂ. ਕੇ.) ਬਾਈ ਮਲਕੀਤ ਸਿੰਘ, ਭਾਈ ਸਮਸ਼ੇਰ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *