2 ਮਹੀਨੇ ਪਹਿਲਾਂ ਹੀ ਦੁਬਈ ਆਇਆ ਸੀ
ਸੁਲਤਾਨਪੁਰ ਲੋਧੀ ਵਿਚ ਕਰੀਬ ਦੋ ਮਹੀਨੇ ਪਹਿਲਾਂ ਦੁਬਈ ਤੋਂ ਘਰ ਆਏ ਨੌਜਵਾਨ ਦਾ ਉਸ ਦੇ ਜਿਗਰੀ ਦੋਸਤਾਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸਵਿੰਦਰ ਸਿੰਘ 29) ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਕੁਤਬੇਵਾਲ ਜ਼ਿਲ੍ਹਾ ਜਲੰਧਰ, ਜੋਂ ਕਿ 2 ਮਹੀਨੇ ਪਹਿਲਾਂ ਦੁਬਈ ਤੋਂ ਆਇਆ ਸੀ ਅਤੇ ਉਸ ਦੇ ਦੋਸਤ ਉਸ ਨੂੰ ਘਰੋਂ ਆ ਕੇ ਲੈ ਜਾਂਦੇ ਹਨ ਅਤੇ ਜਿਸ ਤੋਂ ਬਾਅਦ ਉਸਦਾ ਇਕ ਦੋਸਤ ਪਰਿਵਾਰ ਨੂੰ ਫੋਨ ਕਰ ਕੇ ਜਾਣਕਾਰੀ ਦਿੰਦਾ ਹੈ ਕਿ ਤੁਹਾਡਾ ਮੁੰਡਾ ਵੱਢ ਦਿੱਤਾ ਹੈ, ਉਸਦਾ ਇਲਾਜ ਕਰਵਾ ਲਓ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮੌਕੇ ’ਤੇ ਪਹੁੰਚੇ ਹਾਂ ਤਾਂ ਜਸਵਿੰਦਰ ਸਿੰਘ ਗੰਭੀਰ ਹਾਲਤ ’ਚ ਖੂਨ ਨਾਲ ਲੱਥ ਪੱਥ ਪਿੰਡ ਜੱਬੋਵਾਲ-ਰਾਮੇ ਮਾਰਗ ਦੇ ਖੇਤਾਂ ‘ਚ ਪਿਆ ਮਿਲਿਆ। ਉਸਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਅਸੀਂ ਉਸਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਲਿਆਂਦਾ, ਜਿੱਥੇ ਡਾਕਟਰਾਂ ਨੇ ਥੋੜਾ ਸਮਾਂ ਇਲਾਜ ਕਰਨ ਮਗਰੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ।
ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਸਵਿੰਦਰ ਸਿੰਘ ਦਾ ਉਸ ਦੇ ਦੋਸਤਾਂ ਨੇ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਅਪੀਲ ਕੀਤੀ। ਉਧਰ ਜਦੋਂ ਇਸ ਘਟਨਾ ਦਾ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ’ਤੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਪੁਲਿਸ ਪਾਰਟੀ ਨਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
