ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ 22 ਵਾਹਨਾਂ ਦੇ ਕੱਟੇ ਚਲਾਨ : ਸਬ-ਇੰਸਪੈਕਟ ਪਵਨ ਕੁਮਾਰ
ਗੱਡੀ ਦੇ ਸ਼ੀਸ਼ਿਆਂ ’ਤੇ ਕਾਲੀ ਫਿਲਮ ਅਤੇ ਨੰਬਰ ਪਲੇਟ ਨਾ ਹੋਣ ’ਤੇ ਕੱਟੇ ਚਲਾਨ
ਸੰਗਰੂਰ -: ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਟ੍ਰੈਫਿਕ ਪੁਲਿਸ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਅਭਿਆਨ ਜਾਰੀ ਰੱਖਿਆ।
ਇਸ ਦੌਰਾਨ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਬ-ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਅੱਜ ਲਹਿਰਾ ਅਧੀਨ ਆਉਂਦੀ ਚੌਕੀ ਚੋਟੀਆਂ ਦੇ ਟੀ-ਪੁਆਇੰਟ ਵਿਖੇ ਵਾਹਨਾਂ ਦੀ ਜਾਂਚ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜਿਹੜੇ ਵਾਹਨਾਂ ਵਿਚ ਦਸਤਾਵੇਜ਼ੀ ਕਮੀਆਂ ਜਾਂ ਹੋਰ ਉਲੰਘਣਾ ਦੇ ਮਾਮਲੇ ਸਾਹਮਣੇ ਆਏ, ਉਨ੍ਹਾਂ 22 ਵਾਹਨਾਂ ਦੇ ਚਲਾਨ ਕੱਟੇ ਗਏ।
ਸਬ-ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਇਕ ਬਿਨਾਂ ਨੰਬਰੀ ਗੱਡੀ ਨੂੰ ਰੋਕਿਆ ਗਿਆ, ਜਿਸ ਦੇ ਅਗਲੇ ਪਾਸੇ ਪ੍ਰੈੱਸ ਲਿਖੀ ਹੋਈ ਪਲੇਟ ਪਈ ਸੀ। ਗੱਡੀ ਦੇ ਸ਼ੀਸ਼ਿਆਂ ਉੱਤੇ ਕਾਲੀ ਫਿਲਮ ਲੱਗੀ ਸੀ ਅਤੇ ਇਹ ਮਾਮਲਾ ਸਿੱਧੇ ਤੌਰ ’ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਦਾ ਹੋਣ ਕਾਰਨ ਕਾਰ ਚਾਲਕ ਦੇ ਵੱਖ-ਵੱਖ ਚਲਾਨ ਕੱਟ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸ਼ੀਸ਼ਿਆਂ ਉੱਤੇ ਲੱਗੀ ਕਾਲੀ ਫਿਲਮ ਨੂੰ ਪੁਲਿਸ ਵੱਲੋਂ ਮੌਕੇ ’ਤੇ ਹੀ ਉਤਰਵਾਇਆ ਗਿਆ। ਇਸ ਮੌਕੇ ਏ. ਐੱਸ. ਆਈ. ਬਲਵਿੰਦਰ ਸਿੰਘ, ਪੀ. ਐੱਚ. ਜੀ. ਮਨਜੀਤ ਸਿੰਘ ਅਤੇ ਵਿਸ਼ਾਲ ਸਿੰਘ ਵੀ ਮੌਜੂਦ ਸਨ।
