ਸੰਗਰੂਰ : ਜ਼ਿਲਾ ਪੁਲਸ ਨੇ ਸ਼ਹਿਰ ਸੰਗਰੂਰ ਵਿਖੇ ਬੀਤੇ ਦਿਨ ਹੋਈ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ਅੰਦਰ ਟਰੇਸ ਕਰ ਕੇ 4 ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਪਾਸੋਂ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਗਿਆ।
ਸਰਤਾਜ ਸਿੰਘ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਨੇ ਦੱਸਿਆ ਕਿ ਮੁਦਈ ਨੂਰਪੁਰਾ ਬਸਤੀ ਸੰਗਰੂਰ ਨੇ ਥਾਣਾ ਸਿਟੀ ਸੰਗਰੂਰ ਵਿਖੇ ਸੂਚਨਾ ਦਿੱਤੀ ਕਿ ਮਿਤੀ 07.02.2025 ਦੀ ਰਾਤ ਨੂੰ ਉਨ੍ਹਾਂ ਨੇ ਘਰ ਆ ਕੇ ਦੇਖਿਆ ਤਾਂ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ, ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ, ਜਿਨ੍ਹਾਂ ’ਚੋਂ ਕੀਮਤੀ ਸਾਮਾਨ ਗਾਇਬ ਸੀ।
ਇਸ ਸਬੰਧੀ ਥਾਣਾ ਸਿਟੀ ਸੰਗਰੂਰ ਵਿਖੇ ਬਰਖਿਲਾਫ ਨਾਮਾਲੂਮ ਵਿਅਕਤੀ/ਵਿਅਕਤੀਆਂ ਦੇ ਮਾਮਲਾ ਦਰਜ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ਗਈ।
ਇਸ ਦੌਰਾਨ ਤਫਤੀਸ਼ ਮੁਕੱਦਮੇ ਨੂੰ ਟਰੇਸ ਕਰਨ ਲਈ ਪਲਵਿੰਦਰ ਸਿੰਘ ਚੀਮਾ, ਕਪਤਾਨ ਪੁਲਸ ਸੰਗਰੂਰ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਦਲਜੀਤ ਸਿੰਘ ਵਿਰਕ ਉਪ ਕਪਤਾਨ ਪੁਲਸ ਸੰਗਰੂਰ (ਡਿਟੇਕਟਿਵ) ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੀ ਟੀਮ ਵੱਲੋਂ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਮਿਤੀ 09.02.2025 ਨੂੰ 24 ਘੰਟਿਆਂ ’ਚ ਮੁਕੱਦਮਾ ਟਰੇਸ ਕਰ ਕੇ ਅਭਿਸ਼ੇਕ ਸਿੰਘ ਵਾਸੀ ਡਾ. ਅੰਬੇਡਕਰ ਨਗਰ ਸੰਗਰੂਰ, ਮਨਪ੍ਰੀਤ ਸਿੰਘ ਵਾਸੀ ਰਾਮਨਗਰ ਸਿਬੀਆ, ਪਰਮਜੀਤ ਸਿੰਘ ਵਾਸੀ ਰਾਮਨਗਰ ਸਿਥੀਆਂ ਅਤੇ ਰਜਨੀਸ਼ ਵਾਸੀ ਸੋਹੀਆਂ ਰੋਡ ਸੰਗਰੂਰ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਹੈ।
ਇਹ ਸਾਮਾਨ ਹੋਇਆ ਬਰਾਮਦ
ਐਨਟੀਕ ਪੈਂਡਟ 20 ਗ੍ਰਾਮ, 1 ਲੇਡੀਜ਼ ਰਿੰਗ 6 ਗ੍ਰਾਮ, 3 ਜੋੜੀ ਟੈਪਸ ਵਜ਼ਨ 19 ਗ੍ਰਾਮ, 1 ਲੋਕਟ 2 ਗ੍ਰਾਮ, ਚਾਂਦੀ ਦੇ ਸਿੱਕੇ, ਸਾੜੀ ਵਾਲਾ ਛੱਲਾ, ਇਕ ਜੋੜੀ ਝਾਂਜਰਾਂ, ਇਕ ਚਾਂਦੀ ਦਾ ਬਿਸਕੁਟ, 2 ਕੜੇ, 2 ਰਿੰਗਾ, 1 ਚਾਂਦੀ ਦਾ ਗਿਲਾਸ, 10 ਡਾਲਰ ਨਿਊਜ਼ੀਲੈਂਡ ਕਰੰਸੀ, ਇਕ ਆਈਫੋਨ ਬੰਦ ਡੱਬਾ ਸਮੇਤ ਚਾਰਜਰ, ਵੱਖ-ਵੱਖ ਕੰਪਨੀ ਦੀਆਂ ਘੜੀਆਂ, ਇਕ ਏਅਰ ਪੋਡ, ਇਕ ਐੱਲ. ਈ. ਡੀ. 52 ਇੰਚ, ਇਕ ਥੈਲੀ ਜਿਸ ’ਚ ਖੁੱਲ੍ਹੇ ਸਿੱਕਿਆਂ ਦੀ ਭਾਨ ਭਾਰਤੀ ਕਰੰਸੀ, ਇਕ ਗੈਸ ਸਿਲੰਡਰ ਅਤੇ ਹੋਰ ਸਾਮਾਨ ਤੋਂ ਇਲਾਵਾ ਵਾਰਦਾਤ ’ਚ ਵਰਤੀ ਗਈ ਸਕੂਟਰੀ ਵੀ ਬਰਾਮਦ ਕਰਵਾਈ ਗਈ ਹੈ।
