ਐੱਸ. ਐੱਸ. ਪੀ. ਅਖਿਲ ਚੌਧਰੀ ਨੇ ਲੱਭੇ ਮੋਬਾਇਲ ਅਸਲਾ ਮਾਲਕ ਨੂੰ ਸੌਂਪੇ
ਸ੍ਰੀ ਮੁਕਤਸਰ ਸਾਹਿਬ -: ਡਾ. ਅਖਿਲ ਚੌਧਰੀ ਆਈ. ਪੀ. ਐੱਸ. ਐੱਸ. ਐੱਸ. ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਮ ਲੋਕਾਂ ਨੂੰ ਆਧੁਨਿਕ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ। ਅੱਜ ਸੀ. ਈ. ਆਈ. ਆਰ. ਪੋਰਟਲ ਦੀ ਮਦਦ ਨਾਲ ਪਬਲਿਕ ਦੇ ਗੁੰਮ ਹੋਏ 100 ਮੋਬਾਇਲ ਫੋਨ ਟਰੇਸ ਕਰ ਕੇ ਜ਼ਿਲਾ ਪੁਲਸ ਮੁਖੀ ਵੱਲੋਂ ਫੋਨ ਮਾਲਕਾਂ ਨੂੰ ਸੌਂਪੇ ਗਏ।
ਇਸ ਦੌਰਾਨ ਕੰਵਲਪ੍ਰੀਤ ਸਿੰਘ ਚਾਹਲ ਐੱਸ. ਪੀ. (ਐੱਚ.), ਸੁਖਜੀਤ ਸਿੰਘ ਡੀ. ਐੱਸ. ਪੀ., ਐੱਸ. ਆਈ. ਰਵਿੰਦਰ ਕੌਰ ਇੰਚਾਰਜ ਟੈਕਨੀਕਲ ਸੈੱਲ ਹਾਜ਼ਰ ਸਨ। ਐੱਸ. ਐੱਸ. ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੋਬਾਇਲ ਗੁੰਮ ਹੋਣ ਬਾਰੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪੁਲਸ ਨੂੰ ਸ਼ਿਕਾਇਤਾਂ ਮੌਸੂਲ ਹੋਈਆਂ ਸਨ। ਇਨ੍ਹਾਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਟੈਕਨੀਕਲ ਟੀਮ ਵੱਲੋਂ ਇਨ੍ਹਾਂ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਸੀ. ਈ. ਆਈ. ਆਰ. ਪੋਰਟਲ ’ਤੇ ਟਰੇਸਿੰਗ ’ਤੇ ਲਗਾਇਆ ਗਿਆ ਸੀ, ਜਿਸ ’ਤੇ 100 ਮੋਬਾਇਲ ਫੋਨ ਚੱਲਦੇ ਪਾਏ ਗਏ।
ਇਹ ਮੋਬਾਇਲ ਟਰੇਸ ਕਰ ਕੇ ਅੱਜ ਆਪਣੇ ਦਫਤਰ ਮੋਬਾਇਲ ਮਾਲਕਾਂ ਨੂੰ ਬੁਲਾ ਕੇ, ਲੱਭੇ ਗਏ ਮੋਬਾਈਲ ਫੋਨ ਉਨ੍ਹਾਂ ਨੂੰ ਸੌਂਪੇ ਗਏ। ਉਨ੍ਹਾਂ ਦੱਸਿਆ ਕਿ 1 ਜਨਵਰੀ 2023 ਤੋਂ ਹੁਣ ਤੱਕ ਤਕਰੀਬਨ 950 ਦੇ ਕਰੀਬ ਮੋਬਾਈਲ ਫੋਨਾਂ ਨੂੰ ਟਰੇਸ ਕਰ ਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪਿਆ ਗਿਆ ਹੈ, ਜਿਨ੍ਹਾਂ ਦੀ ਕੀਮਤ ਲੱਗਭਗ 2 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਮੋਬਾਈਲ ਗੁੰਮ ਹੁੰਦਾ ਹੈ ਤਾਂ ਉਹ ਮੋਬਾਈਲ ਦਾ ਮਾਰਕਾ, ਆਈ. ਐੱਮ. ਈ. ਆਈ. ਨੰਬਰ, ਕੰਪਨੀ ਤੇ ਮੋਬਾਈਲ ’ਚ ਪਹਿਲਾਂ ਚੱਲਦੇ ਫੋਨ ਨੰਬਰ ਵਗੈਰਾ ਦਾ ਵੇਰਵਾ ਦਿੰਦੇ ਹੋਏ ਸ਼ਿਕਾਇਤ ਨੇੜੇ ਪੁਲਸ ਸਾਂਝ ਕੇਂਦਰ ’ਚ ਦਰਜ ਕਰਵਾਉਣ, ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਆਮ ਲੋਕ ਸੀ. ਈ. ਆਈ. ਆਰ. ਪੋਰਟਲ ’ਤੇ ਆਪਣੀ ਸ਼ਿਕਾਇਤ ਨੰਬਰ ਅਪਡੇਟ ਕਰ ਕੇ ਆਪਣੇ ਗੁੰਮ ਹੋਏ ਮੋਬਾਈਲ ਫੋਨ ਦਾ ਸਟੇਟਸ ਚੈੱਕ ਕਰ ਸਕਦੇ ਹਨ। ਇਸ ਦੇ ਨਾਲ ਹੀ ਮੋਬਾਈਲ ਫੋਨ ਗੁੰਮ ਹੋਣ ਦੀ ਸ਼ਿਕਾਇਤ ਆਪਣੇ ਨੇੜੇ ਦੇ ਥਾਣੇ ਜਾਂ ਟੈਕਨੀਕਲ ਦਫਤਰ ਆ ਕੇ ਵੀ ਦੇ ਸਕਦੇ ਹੋ। ਮੋਬਾਈਲ ਮਾਲਕਾਂ ਵੱਲੋਂ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਤੇ ਪੁਲਸ ਟੀਮ ਦਾ ਧੰਨਵਾਦ ਕੀਤਾ ਗਿਆ।

