ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ ਵਧ ਕੇ 33 ਹੋ ਹੋਈ
ਕਲਕੱਤਾ ਹਾਈ ਕੋਰਟ ਦੇ ਜੱਜ ਜਸਟਿਸ ਜੋਇਮਾਲਿਆ ਬਾਗਚੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਸੀਜੇਆਈ ਸੰਜੀਵ ਖੰਨਾ ਨੇ ਸਹੁੰ ਚੁਕਾਈ। ਇਸ ਤੋਂ ਬਾਅਦ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ ਹੁਣ 33 ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਸਮਰੱਥਾ 34 ਹੈ।
ਜਾਣਕਾਰੀ ਅਨੁਸਾਰ ਜਸਟਿਸ ਬਾਗਚੀ ਦਾ ਸੁਪਰੀਮ ਕੋਰਟ ਵਿਚ ਕਾਰਜਕਾਲ 6 ਸਾਲਾਂ ਤੋਂ ਵੱਧ ਹੋਵੇਗਾ, ਜਿਸ ਦੌਰਾਨ ਉਹ ਚੀਫ਼ ਜਸਟਿਸ ਵਜੋਂ ਵੀ ਸੇਵਾ ਨਿਭਾਉਣਗੇ। 3 ਅਕਤੂਬਰ, 1966 ਨੂੰ ਜਨਮੇ ਜਸਟਿਸ ਬਾਗਚੀ, ਜਸਟਿਸ ਕੇਵੀ ਵਿਸ਼ਵਨਾਥਨ ਦੀ ਸੇਵਾਮੁਕਤੀ ਤੋਂ ਬਾਅਦ 25 ਮਈ, 2031 ਨੂੰ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣਗੇ। 10 ਮਾਰਚ ਨੂੰ, ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਜਸਟਿਸ ਬਾਗਚੀ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ। 6 ਮਾਰਚ ਨੂੰ, ਸੀਜੇਆਈ ਖੰਨਾ ਦੀ ਅਗਵਾਈ ਵਾਲੇ ਪੰਜ ਮੈਂਬਰੀ ਕਾਲੇਜੀਅਮ ਨੇ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ਲਈ ਉਨ੍ਹਾਂ ਦੇ ਨਾਮ ਦੀ ਸਿਫ਼ਾਰਸ਼ ਕੀਤੀ।
ਕਾਲੇਜੀਅਮ ਵਿਚ ਜਸਟਿਸ ਬੀਆਰ ਗਵਈ, ਜਸਟਿਸ ਸੂਰਿਆਕਾਂਤ, ਜਸਟਿਸ ਅਭੈ ਐਸ ਓਕ ਅਤੇ ਜਸਟਿਸ ਵਿਕਰਮ ਨਾਥ ਵੀ ਸ਼ਾਮਲ ਹਨ। ਕਾਲੇਜੀਅਮ ਨੇ ਕਿਹਾ ਸੀ ਕਿ 18 ਜੁਲਾਈ, 2013 ਨੂੰ ਜਸਟਿਸ ਅਲਤਮਸ ਕਬੀਰ ਦੀ ਸੇਵਾਮੁਕਤੀ ਤੋਂ ਬਾਅਦ, ਕਲਕੱਤਾ ਹਾਈ ਕੋਰਟ ਦਾ ਕੋਈ ਵੀ ਜੱਜ ਚੀਫ਼ ਜਸਟਿਸ ਨਹੀਂ ਬਣ ਸਕਿਆ ਹੈ। ਜਸਟਿਸ ਬਾਗਚੀ ਨੂੰ 27 ਜੂਨ, 2011 ਨੂੰ ਕਲਕੱਤਾ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ।
