ਕਿਸਾਨ ਆਗੂ 7 ਦਿਨਾਂ ਵਿਚ ਕੇਂਦਰ ਨੂੰ ਭੇਜਣਗੇ ਸਮੁੱਚੇ ਤੱਥ
ਖਨੌਰੀ- ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਨੌਰੀ ਕਿਸਾਨ ਮੋਰਚਾ ਉੱਪਰ ਅੱਜ 90ਵੇਂ ਦਿਨ ਵੀ ਜਾਰੀ ਰਿਹਾ।
ਇਸ ਮੌਕੇ ਡੱਲੇਵਾਲ ਨੇ ਆਖਿਆ ਕਿ ਕੱਲ ਸ਼ਾਮ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਈ ਮੀਟਿੰਗ ’ਚ ਹੋਏ ਫੈਸਲੇ ਤਹਿਤ ਕਿਸਾਨ 7 ਦਿਨਾਂ ਦੇ ਅੰਦਰ-ਅੰਦਰ ਕੇਂਦਰ ਨੂੰ ਸਮੁੱਚਾ ਕੇਸ ਬਣਾ ਕੇ ਤੱਥਾਂ ਤਹਿਤ ਭੇਜਣਗੇ ਤਾਂ ਜੋ ਐੱਮ. ਐੱਸ. ਪੀ. ਲਾਗੂ ਕਰਵਾਉਣ ਲਈ ਕਰਵਾਈ ਜਾ ਸਕੇ।
ਅੱਜ ਡੱਲੇਵਾਲ ਨੇ ਆਖਿਆ ਕਿ ਕੇਂਦਰੀ ਮੰਤਰੀਆਂ ਨੇ ਸਾਡੇ ਸਾਰੇ ਤੱਥਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਤੁਸੀਂ ਸਾਨੂੰ ਸਾਰੇ ਤੱਥ ਮੁਹੱਈਆ ਕਰਵਾਓ ਤਾਂ ਜੋ ਅਸੀਂ ਉਨ੍ਹਾਂ ਦਾ ਗੰਭੀਰਤਾ ਨਾਲ ਅਧਿਐੱਨ ਕਰ ਸਕੀਏ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਅਗਲੀ ਮੀਟਿੰਗ 19 ਮਾਰਚ ਨੂੰ ਤੈਅ ਕੀਤੀ ਗਈ ਹੈ। ਅਸੀਂ ਅਗਲੇ 7 ਦਿਨਾਂ ’ਚ ਅਸੀਂ ਸਾਰੇ ਤੱਥ ਕੇਂਦਰ ਸਰਕਾਰ ਨੂੰ ਭੇਜਾਂਗੇ।
ਇਸ ਮੌਕੇ ਦਿੱਲੀ ਅੰਦੋਲਨ ਦੇ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ, ਬਾਬਾ ਹਰਦੀਪ ਸਿੰਘ ਜੀ ਡਿੱਬਡਿਬਾ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਬਾਰਡਰ ਉੱਪਰ ਪਹੁੰਚੇ।

24 ਨੂੰ ਉੱਤਰ ਪ੍ਰਦੇਸ਼ ਦੇ ਬਦਾਉਂ ਜ਼ਿਲੇ ’ਚ ਮਹਾ ਪੰਚਾਇਤ ਕਰਨ ਦਾ ਐਲਾਨ
ਅੱਜ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਭਾਰਤ ਦੇ ਆਗੂ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਲਖਵਿੰਦਰ ਸਿੰਘ ਔਲਖ ਨੇ ਖਨੌਰੀ ਬਾਰਡਰ ਵਿਖੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਖਿਆ ਕਿ ਕਿਸਾਨ ਅੰਦੋਲਨ 02 ਨੂੰ ਹੋਰ ਮਜ਼ਬੂਤ ਕਰਨ ਲਈ ਉਹ ਸਹਸਵਾਨ ਬਿਲੌਰੀ ਰੋਡ, ਸਵਰੂਪਪੁਰ ਬਿਲਸੀ, ਜ਼ਿਲਾ ਬਦਾਉਂ, ਉੱਤਰ ਪ੍ਰਦੇਸ਼ ਵਿਖੇ 24 ਫਰਵਰੀ ਨੂੰ ਇਕ ਵੱਡੀ ਕਿਸਾਨ ਮਹਾਪੰਚਾਇਤ ਕਰਨ ਜਾ ਰਹੇ ਹਨ, ਜਿਸ ’ਚ ਵੱਡੀ ਗਿਣਤੀ ਵਿਚ ਯੂ. ਪੀ. ਦੇ ਕਿਸਾਨ ਅਤੇ ਮਜ਼ਦੂਰ ਸ਼ਾਮਲ ਹੋਣਗੇ।
ਯੂ. ਪੀ. ਦੇ ਬਦਾਉਂ ’ਚ ਹੋਣ ਵਾਲੀ ਕਿਸਾਨ ਮਹਾ-ਪੰਚਾਇਤ ਲਈ ਯੂ. ਪੀ. ਦੇ ਕਿਸਾਨ ਆਗੂ ਹਰਪਾਲ ਬਲਾੜੀ ਨੇ ਖਨੌਰੀ ਬਾਰਡਰ ਉੱਪਰ ਮੌਜੂਦ ਕਿਸਾਨ ਆਗੂਆਂ ਇੰਦਰਜੀਤ ਸਿੰਘ ਕੋਟਬੁੱਢਾ ਪੰਜਾਬ, ਲਖਵਿੰਦਰ ਸਿੰਘ ਹਰਿਆਣਾ, ਸ਼ੇਰਾ ਅਠਵਾਲ ਪੰਜਾਬ, ਅਰੁਣ ਸਿਨਹਾ ਬਿਹਾਰ, ਮਹਾਂਵੀਰ ਸਹਾਰਨ ਰਾਜਸਥਾਨ ਆਦਿ ਨੂੰ ਕਿਸਾਨ ਮਹਾਪੰਚਾਇਤ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਗੁਰਸਾਹਿਬ ਸਿੰਘ, ਸਾਹਬ ਸਿੰਘ, ਪ੍ਰਗਟ ਸਿੰਘ, ਜੁਗਰਾਜ ਸਿੰਘ ਦਲਜੀਤ ਸਿੰਘ ਵਿਰਕ, ਧਰਮਪ੍ਰੀਤ ਸਿੰਘ ਆਦਿ ਕਿਸਾਨ ਵੀ ਹਾਜ਼ਰ ਸਨ।
