ਝਾਂਸੀ ਤੋਂ ਪ੍ਰਯਾਗਰਾਜ ਲਈ ਜਾ ਰਹੀ ਸੀ ਰੇਲਗੱਡੀ
ਝਾਂਸੀ ਤੋਂ ਪ੍ਰਯਾਗਰਾਜ ਮਹਾਂਕੁੰਭ ਲਈ ਜਾ ਰਹੀ ਇਕ ਰੇਲਗੱਡੀ ‘ਤੇ ਮੱਧ ਪ੍ਰਦੇਸ਼ ਵਿਚ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਰੇਲਗੱਡੀ ‘ਤੇ ਨਾ ਸਿਰਫ਼ ਪੱਥਰਬਾਜ਼ੀ ਕੀਤੀ, ਸਗੋਂ ਉਸ ਦੀ ਭੰਨਤੋੜ ਵੀ ਕੀਤੀ।

ਜਾਣਕਾਰੀ ਅਨੁਸਾਰ ਇਹ ਘਟਨਾ ਝਾਂਸੀ ਮੰਡਲ ਦੇ ਹਰਪਾਲਪੁਰ ਸਟੇਸ਼ਨ ‘ਤੇ ਰਾਤ ਨੂੰ ਕਰੀਬ 1 ਵਜੇ ਵਾਪਰੀ। ਇੱਥੇ ਭੀੜ ਨੇ ਅਚਾਨਕ ਰੇਲਗੱਡੀ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਰੇਲਗੱਡੀ ਵਿਚ ਬੈਠੇ ਯਾਤਰੀ ਘਬਰਾ ਗਏ। ਹਮਲੇ ਦੀ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭੀੜ ਵਿੱਚ ਲੋਕ ਰੇਲ ਗੱਡੀ ਦੀ ਬੋਗੀ ‘ਤੇ ਪੱਥਰ ਸੁੱਟ ਰਹੇ ਹਨ। ਭੀੜ ਰੇਲਗੱਡੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜਦੋਂ ਲੋਕ ਅੰਦਰ ਨਹੀਂ ਜਾ ਸਕੇ ਤਾਂ ਉਨ੍ਹਾਂ ਨੇ ਗੇਟ ਅਤੇ ਖਿੜਕੀਆਂ ਤੋੜ ਦਿੱਤੀਆਂ।
ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਅਤੇ ਰੇਲਵੇ ਸੁਰੱਖਿਆ ਬਲ ਨੂੰ ਤੁਰੰਤ ਮੌਕੇ ‘ਤੇ ਬੁਲਾਇਆ ਗਿਆ। ਰੇਲਵੇ ਅਧਿਕਾਰੀਆਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਦੇ ਹੁਕਮ ਦਿੱਤੇ ਹਨ। ਇਸ ਘਟਨਾ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ।
ਛਤਰਪੁਰ ਸਿਵਲ ਲਾਈਨਜ਼ ਥਾਣਾ ਇੰਚਾਰਜ ਵਾਲਮੀਕ ਚੌਬੇ ਨੇ ਦੱਸਿਆ ਕਿ ਰਾਤ 1 ਵਜੇ ਦੇ ਕਰੀਬ ਕੁਝ ਲੋਕਾਂ ਨੇ ਛਤਰਪੁਰ ਰੇਲਗੱਡੀ ‘ਤੇ ਪੱਥਰ ਸੁੱਟੇ ਅਤੇ ਭੰਨਤੋੜ ਕੀਤੀ। ਸੂਚਨਾ ਮਿਲਣ ਤੋਂ ਬਾਅਦ ਅਸੀਂ ਮੌਕੇ ‘ਤੇ ਪਹੁੰਚੇ, ਸਾਰੇ ਦੋਸ਼ੀ ਮੌਕੇ ਤੋਂ ਭੱਜ ਗਏ ਸਨ।
ਇਸ ਦੌਰਾਨ ਹਰਪਾਲਪੁਰ ਪੁਲਿਸ ਸਟੇਸ਼ਨ ਦੇ ਇੰਚਾਰਜ ਪੁਸ਼ਪਕ ਸ਼ਰਮਾ ਨੇ ਕਿਹਾ ਕਿ ਪੁਲਿਸ ਟੀਮ ਨੇ ਸਹੀ ਸਲਾਹ ਦੇਣ ਤੋਂ ਬਾਅਦ ਰੇਲਗੱਡੀ ਭੇਜੀ, ਖਜੂਰਾਹੋ ਅਤੇ ਛਤਰਪੁਰ ਵਿੱਚ ਵੀ ਲੋਕਾਂ ਨੇ ਗੜਬੜ ਪੈਦਾ ਕੀਤੀ ਹੈ।
