ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 5 ਗ੍ਰਿਫਤਾਰ

4 ਕਾਰਾਂ, ਨਾਜਾਇਜ਼ ਹਥਿਆਰ, ਮੋਬਾਈਲ, ਸੋਨਾ-ਚਾਂਦੀ ਦੇ ਗਹਿਣੇ ਬਰਾਮਦ
ਬਟਾਲਾ : ਜ਼ਿਲਾ ਗੁਰਦਾਸਪੁਰ ਦੀ ਬਟਾਲਾ ਪੁਲਸ ਨੇ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹਾਂ, ਜਿਨ੍ਹਾਂ ’ਚ ਇਕ ਅੰਤਰ ਸਟੇਟ ਗਿਰੋਹ ਵੀ ਸ਼ਾਮਲ ਹੈ, ਦਾ ਪਰਦਾਫਾਸ਼ ਕਰਦਿਆਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 4 ਕਾਰਾਂ, ਨਾਜਾਇਜ਼ ਹਥਿਆਰ, ਮੋਬਾਇਲ, ਸੋਨੇ- ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ।
ਇਸ ਸਬੰਧੀ ਪੁਲਸ ਲਾਈਨ ਬਟਾਲਾ ’ਚ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਪੁਲਸ ਵੱਲੋਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ 12 ਜਨਵਰੀ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਐਮਾਜੋਨ ਡਲਿਵਰੀ ਸਟੋਰ ਗੁਰਦਾਸਪੁਰ ਰੋਡ ਬਟਾਲਾ ਦੇ ਤਾਲੇ ਤੋੜ ਕੇ 7 ਲੱਖ ਰੁਪਏ ਨਕਦੀ ਅਤੇ ਹੋਰ ਸਾਮਾਨ ਚੋਰੀ ਕੀਤਾ ਸੀ, ਜਿਸ ਸਬੰਧੀ ਪੁਲਸ ਨੇ ਥਾਣਾ ਸਿਵਲ ਲਾਈਨ ’ਚ ਕੇਸ ਵੀ ਦਰਜ ਕੀਤਾ ਸੀ।
ਪੁਲਸ ਨੇ 10 ਦਿਨਾਂ ਦੇ ਅੰਦਰ ਅੰਦਰ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਜੰਮੂ ਕਸ਼ਮੀਰ ਦੇ ਜ਼ਿਲਾ ਸਾਂਬਾ ਖੇਤਰ ਤੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸੁਰੇਸ਼ ਕੁਮਾਰ ਬਰਫੂ ਰਾਮ ਵਾਸੀ ਡੇਰਾ ਬਧੋਰੀ ਅਤੇ ਉਮਰ ਵਸੀਮ ਪੁੱਤਰ ਅਬਦੁਲ ਗਨੀ ਵਾਸੀ ਮੋਰ (ਦੋਵੇਂ ਜੰਮੂ ਕਸ਼ਮੀਰ) ਵਜੋਂ ਹੋਈ ਹੈ। ਉਕਤ ਮੁਲਜ਼ਮਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਬਟਾਲਾ ’ਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।
ਇਸ ਦੌਰਾਨ ਪੁਲਸ ਨੇ ਉਕਤ ਮੁਲਜ਼ਮਾਂ ਤੋਂ ਵਾਰਦਾਤ ਸਮੇਂ ਵਰਤੀ ਗਈ ਈਕੋ ਕਾਰ ਵੀ ਬਰਾਮਦ ਕੀਤੀ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਵਿਅਕਤੀਆਂ ਵੱਲੋਂ ਇਸ ਤੋਂ ਪਹਿਲਾਂ ਵੀ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਯੂ. ਪੀ. ’ਚ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਸ ਵੱਲੋਂ ਇਸ ਮਾਮਲੇ ’ਚ 2 ਵਿਅਕਤੀਆਂ ਦੀ ਗ੍ਰਿਫਤਾਰ ਅਤੇ ਚੋਰੀ ਕੀਤੇ ਪੈਸਿਆਂ ਦੀ ਰਿਕਵਰੀ ਕਰਨਾ ਬਾਕੀ ਹੈ, ਜਿਸਨੂੰ ਜਲਦ ਹੀ ਬਰਾਮਦ ਕਰ ਲਿਆ ਜਾਵੇਗਾ।
ਐੱਸ. ਐੱਸ. ਪੀ. ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਇਸੇ ਤਰ੍ਹਾਂ 15 ਜਨਵਰੀ ਨੂੰ ਬਲਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬੁੱਢਾਕੋਟ, ਜੋ ਕਿ ਆਪਣੇ ਪਰਿਵਾਰ ਦੇ ਨਾਲ ਬਟਾਲਾ ਆਇਆ ਸੀ, ਉਸਦੇ ਕੋਲ 4 ਅਣਪਛਾਤੇ ਨੌਜਵਾਨਾਂ ਵੱਲੋਂ ਕਰੇਟਾ ਖੋਹੀ ਗਈ ਸੀ। ਪੁਲਸ ਵੱਲੋਂ ਇਸ ਸਬੰਧੀ ਥਾਣਾ ਸਿਵਲ ਲਾਈਨ ’ਚ ਕੇਸ ਵੀ ਦਰਜ ਕੀਤਾ ਗਿਆ ਸੀ।
ਇਸੇ ਤਰ੍ਹਾਂ 17 ਜਨਵਰੀ ਨੂੰ ਕਸਬਾ ਫਤਿਹਗੜ੍ਹ ਚੂੜੀਆਂ ਦੇ ਰਿਲਾਇੰਸ ਸਮਾਰਟ ਸਟੋਰ ’ਚ 2 ਅਣਪਛਾਤੇ ਨੌਜਵਾਨ, ਜੋ ਕਰੇਟਾ ’ਚ ਸਵਾਰ ਹੋ ਕੇ ਆਏ ਸਨ, ਵੱਲੋਂ ਹਥਿਆਰਾਂ ਦੀ ਨੋਕ ’ਤੇ ਕਰੀਬ 20 ਹਜ਼ਾਰ ਰੁਪਏ ਨਕਦੀ ਖੋਹੀ ਗਈ ਸੀ। ਇਸ ਮਾਮਲੇ ਦੀ ਜਾਂਚ ਲਈ ਉਨ੍ਹਾਂ ਵੱਲੋਂ ਐੱਸ. ਪੀ. ਡੀ. ਗੁਰਪ੍ਰਤਾਪ ਸਿੰਘ ਸਹੋਤਾ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਇਨ੍ਹਾਂ ਦੋਵਾਂ ਵਾਰਦਾਤਾਂ ਨੂੰ ਟਰੇਸ ਕਰਦੇ ਹੋਏ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨਬੀਰ ਸਿੰਘ ਪੁੱਤਰ ਵਤਨ ਸਿੰਘ ਵਾਸੀ ਮਾਹਲ ਥਾਣਾ ਰਾਮਤੀਰਥ, ਮੋਨਾ ਪੁੱਤਰ ਪਿੰਕਾ ਸਿੰਘ ਵਾਸੀ ਬਾਲੇਚੱਕ ਨਜ਼ਦੀਕ ਗੁਲਾਵਲ, ਤਰਨਤਾਰਨ ਰੋਡ ਅੰਮ੍ਰਿਤਸਰ ਅਤੇ ਸਲਮਾਨ ਪੁੱਤਰ ਸਤਵੰਤ ਸਿੰਘ ਵਾਸੀ ਧਰਮਕੋਟ ਰੰਧਾਵਾ ਵਜੋਂ ਹੋਈ ਹੈ।

ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਹੀ 15 ਜਨਵਰੀ ਨੂੰ ਬਟਾਲਾ ਤੋਂ ਕਰੇਟਾ ਕਾਰ ਖੋਹੀ ਸੀ ਅਤੇ ਫਿਰ ਉਸੇ ਕਾਰ ’ਤੇ ਫਤਿਹਗੜ੍ਹ ਚੂੜੀਆਂ ’ਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਇਸਦੇ ਤੋਂ ਬਾਅਦ ਉਨ੍ਹਾਂ ਦੋਵਾਂ ਗੱਡੀਆਂ ਦੀ ਪਛਾਣ ਨੂੰ ਲੁਕਾਉਣ ਲਈ ਕਰੇਟਾ ਦੇ ਟਾਇਰ ਇਨੋਵਾ ਨੂੰ ਪਾਏ ਦਿੱਤੇ ਸਨ।

ਐੱਸ. ਐੱਸ. ਪੀ. ਬਟਾਲਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਮਿਤੀ 16 ਜਨਵਰੀ ਨੂੰ ਇਲਾਇੰਸ ਸਮਾਰਟ ਪੁਆਇੰਟ ਤਰਨਤਾਰਨ ਰੋਡ ਪੱਟੀ ’ਚ ਕਰੇਟਾ ’ਚ ਸਵਾਰ ਹੋ ਕੇ ਹਥਿਆਰਾਂ ਦੇ ਬੱਲ ’ਤੇ ਸਟੋਰ ’ਚੋਂ ਕਰੀਬ 57 ਹਜ਼ਾਰ ਰੁਪਏ ਖੋਹੇ ਗਏ ਸਨ, ਜਿਸਦੇ ਸਬੰਧ ’ਚ ਥਾਣਾ ਸਿਟੀ ਪੱਟੀ ’ਚ ਕੇਸ ਵੀ ਦਰਜ ਹੈ।
ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਉਕਤ ਵਿਅਕਤੀਆਂ ਵੱਲੋਂ 19 ਜਨਵਰੀ ਨੂੰ ਥਾਣਾ ਅਜਨਾਲਾ (ਅੰਮ੍ਰਿਤਸਰ) ਦੇ ਦਿਹਾਤੀ ਖੇਤਰ ’ਚ ਦੀਪਕ ਜਿਊਲਰਜ਼ ਨਾਮ ਦੇ ਸੁਨਿਆਰੇ ਦੀ ਦੁਕਾਨ ਤੋਂ ਕਰੇਟਾ ’ਤੇ ਸਵਾਰ ਹੋ ਕੇ ਹਥਿਆਰਾਂ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ ਅਤੇ ਦੁਕਾਨ ’ਚੋਂ 6 ਕਿਲੋ ਚਾਂਦੀ, ਸਾਢੇ 6 ਤੋਲੇ ਸੋਨਾ ਅਤੇ 50 ਹਜ਼ਾਰ ਰੁਪਏ ਲੁੱਟੇ ਗਏ ਸਨ। ਇਸ ਸਬੰਧ ’ਚ ਪੁਲਸ ਵੱਲੋਂ ਥਾਣਾ ਅਜਨਾਲਾ ’ਚ ਕੇਸ ਵੀ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬਟਾਲਾ ਪੁਲਸ ਨੇ ਉਕਤ ਤਿੰਨਾਂ ਵਿਅਕਤੀਆਂ ਤੋਂ ਇਕ ਵੈਨਿਊ ਕਾਰ, ਇਕ ਕਰੇਟਾ, ਇਕ ਇਨੋਵਾ ਸਮੇਤ ਇਕ ਪਿਸਟਲ 32 ਬੋਰ, 4 ਜ਼ਿੰਦਾ ਕਾਰਤੂਸ, 1 ਮੋਬਾਈਨ ਫੋਨ, ਇਕ ਸੋਨੇ ਦੀ ਮੁੰਦਰੀ ਵਜਨ ਕਰੀਬ 2.5 ਗ੍ਰਾਮ ਅਤੇ 2 ਕਿਲੋ 850 ਗ੍ਰਾਮ ਚਾਂਦੀ ਬਰਾਮਦ ਕੀਤੀ ਹੈ। ਫਿਲਹਾਲ ਪੁਲਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਅਤੇ ਇਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *