ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣਗੇ 3 ਹੋਰ ਮੈਚ !
ਚੈਂਪੀਅਨਜ਼ ਟਰਾਫੀ- 2025 ਦਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ ਹੈ ਅਤੇ ਉਮੀਦ ਅਨੁਸਾਰ ਟੀਮ ਇੰਡੀਆ ਜਿੱਤ ਗਈ ਪਰ ਇਸ ਸਾਲ ਦੋਵਾਂ ਦੇਸ਼ਾਂ ਵਿਚਕਾਰ ਕ੍ਰਿਕਟ ਦਾ ਦੌਰ ਅਜੇ ਖਤਮ ਨਹੀਂ ਹੋਇਆ ਹੈ ਕਿਉਂਕਿ ਅਗਲੇ ਕੁਝ ਮਹੀਨਿਆਂ ਵਿੱਚ ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਦੁਬਾਰਾ ਆਹਮੋ-ਸਾਹਮਣੇ ਹੋਣ ਵਾਲੀਆਂ ਹਨ। ਚੈਂਪੀਅਨਜ਼ ਟਰਾਫੀ ਤੋਂ ਬਾਅਦ ਹੁਣ ਇਸ ਸਾਲ ਏਸ਼ੀਆ ਕੱਪ ਦਾ ਆਯੋਜਨ ਕੀਤਾ ਜਾਣਾ ਹੈ, ਜਿਸ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਘੱਟੋ-ਘੱਟ 3 ਮੈਚ ਹੋਣ ਦੀ ਉਮੀਦ ਹੈ।
ਇਨ੍ਹੀਂ ਦਿਨੀਂ ਚੈਂਪੀਅਨਜ਼ ਟਰਾਫੀ ਪਾਕਿਸਤਾਨ ਵਿਚ ਖੇਡੀ ਜਾ ਰਹੀ ਹੈ ਅਤੇ ਇਸ ਵਿਚਕਾਰ ਏਸ਼ੀਆ ਕੱਪ 2025 ਨੂੰ ਲੈ ਕੇ ਇਹ ਵੱਡੀ ਖ਼ਬਰ ਆਈ ਹੈ। ਜਾਣਕਾਰੀ ਅਨੁਸਾਰ ਏਸ਼ੀਆਈ ਕ੍ਰਿਕਟ ਕੌਂਸਲ ਦੀ ਇੱਕ ਮੀਟਿੰਗ ਵਿਚ ਟੂਰਨਾਮੈਂਟ ਲਈ ਸਤੰਬਰ ਦੀ ਵਿੰਡੋ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ 8 ਟੀਮਾਂ ਦਾ ਇਹ ਟੂਰਨਾਮੈਂਟ ਸਤੰਬਰ ਦੇ ਦੂਜੇ ਹਫ਼ਤੇ ਅਤੇ ਚੌਥੇ ਹਫ਼ਤੇ ਵਿਚਕਾਰ ਖੇਡਿਆ ਜਾਵੇਗਾ। ਇਸ ਦੌਰਾਨ ਟੀਮ ਇੰਡੀਆ ਅਤੇ ਪਾਕਿਸਤਾਨ ਵਿਚਾਲੇ ਟੱਕਰ ਵੀ ਹੋਵੇਗੀ।
ਭਾਰਤ-ਪਾਕਿਸਤਾਨ ਵਿਚਾਲੇ 3 ਮੁਕਾਬਲੇ
2026 ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਏਸ਼ੀਆ ਕੱਪ ਵੀ ਇਸੇ ਫਾਰਮੈਟ ਵਿਚ ਖੇਡਿਆ ਜਾਵੇਗਾ। ਇਸ ਸਮੇਂ ਦੌਰਾਨ ਸਾਰੀਆਂ ਟੀਮਾਂ ਨੂੰ 4-4 ਦੇ ਦੋ ਗੁਰੱਪ ਵਿਚ ਵੰਡਿਆ ਜਾਵੇਗਾ ਅਤੇ ਉਮੀਦ ਅਨੁਸਾਰ ਭਾਰਤ ਅਤੇ ਪਾਕਿਸਤਾਨ ਇਕੱਠੇ ਰਹਿਣਗੇ। ਅਜਿਹੀ ਸਥਿਤੀ ਵਿਚ ਗਰੁੱਪ ਵਿਚ ਇਕ ਵਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜ਼ਰੂਰ ਟੱਕਰ ਹੋਵੇਗੀ। ਜੇਕਰ ਦੋਵੇਂ ਟੀਮਾਂ ਅਗਲੇ ਦੌਰ ਲਈ ਕੁਆਲੀਫਾਈ ਕਰ ਲੈਂਦੀਆਂ ਹਨ ਤਾਂ ਉਹ ਸੁਪਰ-4 ਪੜਾਅ ਵਿਚ ਵੀ ਇਕ ਦੂਜੇ ਦਾ ਸਾਹਮਣਾ ਕਰ ਸਕਦੀਆਂ ਹਨ।
ਇੱਥੋਂ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਫਾਈਨਲ ਲਈ ਕੁਆਲੀਫਾਈ ਕਰਨਗੀਆਂ ਅਤੇ ਜੇਕਰ ਭਾਰਤ ਅਤੇ ਪਾਕਿਸਤਾਨ ਸੁਪਰ-4 ਵਿਚ ਚੋਟੀ ਦੇ ਦੋ ਸਥਾਨਾਂ ‘ਤੇ ਰਹਿੰਦੇ ਹਨ, ਤਾਂ ਉਹ ਫਾਈਨਲ ਵਿਚ ਤੀਜੀ ਵਾਰ ਆਹਮੋ-ਸਾਹਮਣੇ ਹੋ ਸਕਦੇ ਹਨ।
ਕਿੱਥੇ ਹੋਵੇਗਾ ਟੂਰਨਾਮੈਂਟ?
ਇਸ ਟੂਰਨਾਮੈਂਟ ਦਾ ਇਕ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਹ ਇਕ ਨਿਰਪੱਖ ਸਥਾਨ ‘ਤੇ ਆਯੋਜਿਤ ਕੀਤਾ ਜਾਵੇਗਾ। ਦਰਅਸਲ ਇਸ ਵਾਰ ਏਸ਼ੀਆ ਕੱਪ ਦੀ ਮੇਜ਼ਬਾਨੀ ਬੀ. ਸੀ. ਸੀ. ਆਈ. ਕੋਲ ਹੈ। ਅਜਿਹੀ ਸਥਿਤੀ ਵਿਚ ਇਹ ਟੂਰਨਾਮੈਂਟ ਭਾਰਤ ਵਿਚ ਖੇਡਿਆ ਜਾਣਾ ਚਾਹੀਦਾ ਹੈ ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਇਸਨੂੰ ਇਕ ਨਿਰਪੱਖ ਸਥਾਨ ‘ਤੇ ਖੇਡਣ ‘ਤੇ ਸਹਿਮਤੀ ਬਣ ਗਈ ਹੈ।
ਹਾਲਾਂਕਿ, ਮੇਜ਼ਬਾਨੀ ਦੇ ਅਧਿਕਾਰ ਭਾਰਤੀ ਬੋਰਡ ਕੋਲ ਹੀ ਰਹਿਣਗੇ। ਇਸੇ ਤਰ੍ਹਾਂ ਅਗਲੀ ਵਾਰ ਜਦੋਂ ਵੀ ਭਾਰਤ ਜਾਂ ਪਾਕਿਸਤਾਨ ਦੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਵਾਰੀ ਹੋਵੇਗੀ, ਤਾਂ ਇਹ ਕਿਸੇ ਤੀਜੇ ਦੇਸ਼ ਵਿਚ ਆਯੋਜਿਤ ਕੀਤਾ ਜਾਵੇਗਾ। ਇਕ ਵਾਰ ਫਿਰ ਇਸ ਲਈ ਯੂਏਈ ਜਾਂ ਸ਼੍ਰੀਲੰਕਾ ਵਿਚੋਂ ਕਿਸੇ ਇਕ ਨੂੰ ਚੁਣਿਆ ਜਾਵੇਗਾ।
