ਚੈਂਪੀਅਨਜ਼ ਟਰਾਫ਼ੀ : ਭਾਰਤ ਨੇ ਪਾਕਿਸਤਾਨ ਨੂੰ ਲਾਇਆ ਖੂੰਜੇ

ਵਿਰਾਟ ਕੋਹਲੀ ਨੇ ਆਖ਼ੀਰ ਤੱਕ ਬੱਲੇਬਾਜ਼ੀ ਕਰ ਕੇ ਜੜਿਆ ਸੈਂਕੜਾ
ਦੁਬਈ : ਆਈ. ਸੀ. ਸੀ. ਚੈਂਪੀਅਨਜ਼ ਟਰਾਫ਼ੀ 2025 ਵਿਚ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਭਾਰਤ ਨੇ ਪਾਕਿਸਤਾਨ ਵਿਰੁਧ ਮੈਚ ਖੇਡਿਆ, ਜਿਸ ਵਿਚ ਭਾਰਤ ਨੇ 6 ਵਿਕਟਾਂ ਨਾਲ ਜਿੱਤ ਕੇ ਪਾਕਿਸਤਾਨ ਨੂੰ ਖੂੰਜੇ ਲਾ ਦਿੱਤਾ।

ਪਾਕਿਸਤਾਨੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.4 ਓਵਰਾਂ ਵਿਚ 241 ਦੌੜਾਂ ਆਲ ਆਊਟ ਹੋ ਗਈ। ਇਸ ਤਰ੍ਹਾਂ ਭਾਰਤੀ ਟੀਮ ਨੂੰ 50 ਓਵਰਾਂ ’ਚ 242 ਦੌੜਾਂ ਦਾ ਟੀਚਾ ਮਿਲਿਆ ਹੈ।

ਪਾਕਿਸਤਾਨੀ ਟੀਮ ਨੇ ਮੈਚ ਵਿਚ ਚੰਗੀ ਸ਼ੁਰੂਆਤ ਕੀਤੀ। ਬਾਬਰ ਆਜ਼ਮ ਅਤੇ ਇਮਾਮ ਉਲ ਹੱਕ ਨੇ ਮਿਲ ਕੇ ਪਹਿਲੀ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤੀ ਟੀਮ ਲਈ ਪਹਿਲੀ ਸਫਲਤਾ ਹਾਰਦਿਕ ਪੰਡਯਾ ਨੂੰ ਮਿਲੀ, ਜਿਸ ਨੇ 9ਵੇਂ ਓਵਰ ਦੀ ਦੂਜੀ ਗੇਂਦ ’ਤੇ ਬਾਬਰ ਆਜ਼ਮ ਨੂੰ ਵਿਕਟਕੀਪਰ ਕੇ.ਐੱਲ ਰਾਹੁਲ ਹੱਥੋਂ ਕੈਚ ਕਰਵਾਇਆ। ਦੂਜਾ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ (10) ਫਿਰ ਅਕਸ਼ਰ ਪਟੇਲ ਦੇ ਰਾਕੇਟ ਥਰੋਅ ਨਾਲ ਰਨ ਆਊਟ ਹੋ ਗਿਆ।

ਦੋ ਵਿਕਟਾਂ ਡਿੱਗਣ ਤੋਂ ਬਾਅਦ ਕਪਤਾਨ ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਨੇ ਪਾਕਿਸਤਾਨੀ ਪਾਰੀ ਦੀ ਕਮਾਨ ਸੰਭਾਲੀ। ਦੋਵਾਂ ਨੇ ਤੀਜੀ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਹਾਰਦਿਕ ਪੰਡਯਾ ਨੇ ਸਾਊਦ ਸ਼ਕੀਲ ਨੂੰ ਆਊਟ ਕਰ ਕੇ ਭਾਰਤੀ ਟੀਮ ਨੂੰ ਵੱਡੀ ਸਫ਼ਲਤਾ ਦਿਵਾਈ।

ਇਸ ਤੋਂ ਬਾਅਦ ਤਇਅਬ ਤਾਹਿਰ (4) ਨੂੰ ਰਵਿੰਦਰ ਜਡੇਜਾ ਨੇ ਆਊਟ ਕੀਤਾ। ਪਾਕਿਸਤਾਨ ਨੇ 15 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ, ਜਿਸ ਨਾਲ ਭਾਰਤ ਨੂੰ ਵਾਪਸੀ ਦਾ ਮੌਕਾ ਮਿਲਿਆ। ਕੁਲਦੀਪ ਯਾਦਵ ਨੇ ਪਾਕਿਸਤਾਨ ਦੇ ਉਪ ਕਪਤਾਨ ਸਲਮਾਨ ਅਲੀ ਆਗਾ (19) ਅਤੇ ਸ਼ਾਹੀਨ ਅਫ਼ਰੀਦੀ (0) ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕਰ ਕੇ ਸਕੋਰ ਨੂੰ ਸੱਤ ਵਿਕਟਾਂ ’ਤੇ 200 ਦੌੜਾਂ ਕਰ ਦਿਤਾ। ਵਿਕਟਾਂ ਦੀ ਝੜੀ ਵਿਚਕਾਰ, ਖ਼ੁਸ਼ਦਿਲ ਸ਼ਾਹ ਨੇ 38 ਦੌੜਾਂ ਦੀ ਪਾਰੀ ਖੇਡ ਕੇ ਪਾਕਿਸਤਾਨ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਖੁਸ਼ਦਿਲ 50ਵੇਂ ਓਵਰ ਵਿਚ ਹਰਸ਼ਿਤ ਰਾਣਾ ਦਾ ਸ਼ਿਕਾਰ ਬਣਿਆ।

ਭਾਰਤ ਵਲੋਂ ਕੁਲਦੀਪ ਯਾਦਵ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ ਜਦਕਿ ਹਾਰਦਿਕ ਪੰਡਯਾ ਨੇ ਦੋ ਵਿਕਟਾਂ ਲਈਆਂ। ਅਕਸ਼ਰ ਪਟੇਲ, ਹਰਸ਼ਿਤ ਰਾਣਾ ਅਤੇ ਰਵਿੰਦਰ ਜਡੇਜਾ ਨੂੰ ਵੀ ਇਕ-ਇਕ ਵਿਕਟ ਮਿਲੀ। 

ਭਾਰਤ ਨੇ ਅਪਣੀ ਪਾਰੀ ਦੀ ਸ਼ੁਰੂਆਤ ਤਾਬੜਤੋੜ ਕੀਤੀ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੀ ਤਾਬੜਤੋੜ ਬੱਲੇਬਾਜ਼ੀ ਜਾਰੀ ਰੱਖੀ ਪਰ ਉਹ ਅਚਾਨਕ 46 ਦੌੜਾਂ ਬਣਾ ਕੇ ਅਬਰਾਰ ਅਹਿਮਦ ਦਾ ਸ਼ਿਕਾਰ ਹੋ ਗਿਆ। ਇਸ ਤੋਂ ਟੀਮ ਦੀ ਜ਼ਿੰਮੇਵਾਰੀ ਕੋਹਲੀ ਨੇ ਅਪਣੇ ਮੋਢਿਆਂ ’ਤੇ ਲਈ ਤੇ ਟੀਮ ਦੇ ਸਕੋਰ ਨੂੰ ਅੱਗੇ ਲੈ ਕੇ ਗਏ। ਸ਼੍ਰੇਅਸ ਅਈਅਰ ਨੇ ਵੀ ਕੋਹਲੀ ਦਾ ਬਾਖ਼ੂਬੀ ਸਾਥ ਨਿਭਾਇਆ ਤੇ ਅਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਕੋਹਲੀ ਨੇ ਅੰਤ ਤਕ ਬੱਲੇਬਾਜ਼ੀ ਕੀਤੀ ਅਤੇ ਅਪਣਾ ਸੈਂਕੜਾ ਵੀ ਪੂਰਾ ਕੀਤਾ। 

Leave a Reply

Your email address will not be published. Required fields are marked *