ਚੇਅਰਮੈਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੁਰਾਣੇ ਹਸਪਤਾਲ ਗੁਰਦਾਸਪੁਰ ’ਚ ਮੁੜ ਸ਼ੁਰੂ ਹੋਈਆਂ ਜੱਚਾ-ਬੱਚਾ ਸੇਵਾਵਾਂ

10 ਸਾਲ ਬਾਅਦ ਮੁੜ ਪੁਰਾਣੇ ਹਸਪਤਾਲ ’ਚ ਗੂੰਜੀਆਂ ਕਿਲਕਾਰੀਆਂ, ਬੱਚੇ ਨੇ ਜਨਮ ਲਿਆ
ਗੁਰਦਾਸਪੁਰ :- ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਆਪਣੀਆਂ ਅਣਥੱਕ ਕੋਸ਼ਿਸ਼ਾਂ ਕਰ ਕੇ ਗੁਰਦਾਸਪੁਰ ਸ਼ਹਿਰ ਅੰਦਰ ਬੰਦ ਪਏ ਪੁਰਾਣੇ ਸਿਵਲ ਹਸਪਤਾਲ ਨੂੰ ਸਾਲ 2022 ਵਿਚ ਮੁੜ ਸ਼ੁਰੂ ਕਰਵਾ ਕੇ ਇਸ ਨੂੰ 30 ਬੈੱਡ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦਿਵਾਇਆ ਸੀ। ਪੰਜਾਬ ਸਰਕਾਰ ਵੱਲੋਂ ਪੁਰਾਣੇ ਸਿਵਲ ਹਸਪਤਾਲ ਨੂੰ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦੇਣ ਤੋਂ ਬਾਅਦ ਇਥੇ 24 ਘੰਟੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਇਸ ਤੋਂ ਬਾਅਦ ਚੇਅਰਮੈਨ ਰਮਨ ਬਹਿਲ ਵੱਲੋਂ ਇਹ ਕੋਸ਼ਿਸ਼ ਵੀ ਜਾਰੀ ਰੱਖੀ ਗਈ ਕਿ ਪੁਰਾਣੇ ਸਿਵਲ ਹਸਪਤਾਲ ਵਿਚ ਜੱਚਾ-ਬੱਚਾ ਸੇਵਾਵਾਂ ਵੀ ਦੁਬਾਰਾ ਸ਼ੁਰੂ ਹੋ ਜਾਣ। ਆਖਿਰ ਬਹਿਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ ਅਤੇ ਪੁਰਾਣੇ ਸਿਵਲ ਹਸਪਤਾਲ (ਹੁਣ ਅਰਬਨ ਕਮਿਊਨਿਟੀ ਹੈਲਥ ਸੈਂਟਰ, ਗੁਰਦਾਸਪੁਰ) ਵਿਖੇ ਜੱਚਾ-ਬੱਚਾ ਸੇਵਾਵਾਂ ਸ਼ੁਰੂ ਹੋ ਗਈਆਂ ਹਨ।
ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਸਿਵਲ ਹਸਪਤਾਲ ਵਿਚ 10 ਸਾਲ ਬਾਅਦ ਬੀਤੀ ਸ਼ਾਮ ਹੋਲੀ ਦੇ ਮੁਬਾਰਕ ਮੌਕੇ ਇਕ ਵਾਰ ਫਿਰ ਨਵ-ਜੰਮੇ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਪੁਰਾਣੇ ਸਿਵਲ ਹਸਪਤਾਲ ਵਿਚ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਇਕ ਬੱਚੇ ਨੇ ਜਨਮ ਲਿਆ ਹੈ।
ਇਸ ਨਵ-ਜੰਮੇ ਬੱਚੇ ਨੂੰ ਦੇਖਣ ਅਤੇ ਜੱਚਾ-ਬੱਚੇ ਦੀ ਸਿਹਤ ਦਾ ਹਾਲ ਜਾਣਨ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਉਨ੍ਹਾਂ ਦੀ ਧਰਮ ਪਤਨੀ ਅਰਚਨਾ ਬਹਿਲ ਪੁਰਾਣੇ ਸਿਵਲ ਹਸਪਤਾਲ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਬੱਚੇ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚੇ ਨੂੰ ਸ਼ਗਨ ਪਾਇਆ ਅਤੇ ਬੱਚੇ ਦੇ ਤੰਦਰੁਸਤ ਤੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਗੁਰਦਾਸਪੁਰ ਵਾਸੀਆਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੁਰਾਣੇ ਸਿਵਲ ਹਸਪਤਾਲ ’ਚ ਜੱਚਾ-ਬੱਚਾ ਸੇਵਾਵਾਂ ਸ਼ੁਰੂ ਹੋਣ ਨਾਲ ਹੁਣ ਗਰਭਵਤੀ ਔਰਤਾਂ ਨੂੰ ਜਣੇਪੇ ਲਈ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਬੜੀ ਖ਼ੁਸ਼ੀ ਦੀ ਗੱਲ ਹੈ ਕਿ 10 ਸਾਲ ਬਾਅਦ ਇਸ ਹਸਪਤਾਲ ਵਿਚ ਫਿਰ ਕਿਲਕਾਰੀਆਂ ਗੂੰਜੀਆਂ ਹਨ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੁਰਾਣੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਖੇ 32 ਕਰਮਚਾਰੀਆਂ ਅਤੇ ਮਾਹਿਰ ਡਾਕਟਰਾਂ ਦਾ ਸਟਾਫ ਤਾਇਨਾਤ ਕੀਤਾ ਗਿਆ ਹੈ। ਹੁਣ ਸ਼ਹਿਰ ਵਾਸੀਆਂ ਨੂੰ ਇੱਥੇ 24 ਘੰਟੇ ਮੈਡੀਕਲ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਗੁਰਦਾਸਪੁਰ ਡਾ ਪ੍ਰਭਜੋਤ ਕਲਸੀ, ਡੀਐਮਸੀ ਡਾ ਰੋਮੀ ਰਾਜਾ ਅਤੇ ਐੱਸ.ਐੱਮ.ਓ. ਡਾ ਅਰਵਿੰਦ ਮਹਾਜਨ ਤੋਂ ਇਲਾਵਾ ਹੋਰ ਸਟਾਫ਼ ਵੀ ਹਾਜ਼ਰ ਸੀ।

Leave a Reply

Your email address will not be published. Required fields are marked *