ਪੁਲਸ ਨੇ 5 ਨੌਜਵਾਨਾਂ ਖਿਲਾਫ ਮਾਮਲਾ ਕੀਤਾ ਦਰਜ
ਬਠਿੰਡਾ :-ਜ਼ਿਲਾ ਬਠਿੰਡਾ ਵਿਚ ਚਿੱਟੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਪੁਲਸ ਨੇ ਚਿੱਟਾ ਸਪਲਾਈ ਕਰਨ ਤੇ ਉਸ ਨੂੰ ਚਿੱਟੇ ਦੀ ਵਰਤੋਂ ਕਰਨ ਦੇ ਦੋਸ਼ ’ਚ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਗੁਰਦੇਵ ਕੌਰ ਵਾਸੀ ਗੁਰੂ ਨਾਨਕਪੁਰਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਭਰਾ ਬਿਕਰਮ ਸਿੰਘ ਨੂੰ ਮੁਲਜ਼ਮ ਰਾਹੁਲ ਕੁਮਾਰ ਵਾਸੀ ਬਠਿੰਡਾ ਆਪਣੇ ਨਾਲ ਲੈ ਗਿਆ। ਉਥੇ ਮੁਲਜ਼ਮ ਵੀਰਚੰਦ, ਨੀਰਜ ਕੁਮਾਰ, ਸੁਰਿੰਦਰ ਮਠਾੜੂ ਅਤੇ ਰਾਜ ਕੁਮਾਰ ਵਾਸੀ ਬਠਿੰਡਾ ਆਦਿ ਨੇ ਮਿਲ ਕੇ ਉਸ ਦੇ ਭਰਾ ਨੂੰ ਚਿੱਟੇ ਦੀ ਓਵਰਡੋਜ਼ ਦਾ ਟੀਕਾ ਲਗਵਾ ਦਿੱਤਾ। ਇਸ ਕਾਰਨ ਉਸ ਦੇ ਭਰਾ ਦੀ ਹਾਲਤ ਵਿਗੜ ਗਈ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
ਉਸ ਨੇ ਦੱਸਿਆ ਕਿ ਉਕਤ ਮੁਲਜ਼ਮ ਉਸ ਦੇ ਭਰਾ ਦੀ ਮੌਤ ਲਈ ਜ਼ਿੰਮੇਵਾਰ ਹਨ। ਪੁਲਸ ਵਲੋਂ ਸ਼ਿਕਾਇਤ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
