ਚੋਣ ਪ੍ਰਚਾਰ ਦੌਰਾਨ ਗਾਏ ਗੀਤ
ਦਿੱਲੀ ਵਿਧਾਨ ਸਭਾ ਵਿਚ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਤਾਕਤ ਝੋਕ ਦਿੱਤੀ ਹੈ। ਬੀਤੀ ਸ਼ਾਮ ‘ਆਪ’ ਦੀ ਪ੍ਰਚਾਰ ਰੈਲੀ ਵਿੱਚ ਇੱਕ ਸੰਗੀਤਕ ਮੋੜ ਆਇਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗਾਇਕ ਮੀਕਾ ਸਿੰਘ ਦੀ ਜੋੜੀ ਨੇ ਛੱਲਾ ਗੀਤ ਗਾਇਆ। ਇਹ ਜਨ ਸਭਾ ਚਾਂਦਨੀ ਚੌਂਕ ਵਿਧਾਨ ਸਭਾ ਅਧੀਨ ਪੈਂਦੇ ਮਜਨੂੰ ਕਾ ਟਿੱਲਾ ਵਿਖੇ ਕੀਤੀ ਜਾ ਰਹੀ ਸੀ। ਇਸ ਦੌਰਾਨ ਮੁੱਖ ਮੰਤਰੀ ਅਤੇ ਮੀਕਾ ਨੇ ਆਪਣੇ ਬੋਲਾਂ ਰਾਹੀਂ ਵਰਕਰਾਂ ਵਿੱਚ ਜੋਸ਼ ਭਰਿਆ।
ਇਹ ਸਮਾਗਮ ‘ਆਪ’ ਉਮੀਦਵਾਰ ਪੁਨਰਦੀਪ ਸਿੰਘ ਸਾਹਨੀ ਦੇ ਚੋਣ ਪ੍ਰਚਾਰ ਦਾ ਹਿੱਸਾ ਸੀ ਕਿਉਂਕਿ ਉਹ ਚਾਂਦਨੀ ਚੌਕ ਹਲਕੇ ਤੋਂ ਭਾਜਪਾ ਦੇ ਸਤੀਸ਼ ਜੈਨ ਵਿਰੁੱਧ ਚੋਣ ਲੜ ਰਹੇ ਹਨ। ਜਦੋਂ ਮਾਨ ਅਤੇ ਮੀਕਾ ਸਿੰਘ ਨੇ ਰੰਗ ਬੰਨ੍ਹਿਆ ਤਾਂ ਜਨ ਸਭਾ ਤਾੜੀਆਂ ਨਾਲ ਗੂੰਜ਼ ਉੱਠੀ।
ਦਿੱਲੀ ਵਿੱਚ ਤਿਕੌਣਾ ਮੁਕਾਬਲਾ
ਦਿੱਲੀ 5 ਫਰਵਰੀ ਨੂੰ ਰਾਜ ਵਿਧਾਨ ਸਭਾ ਲਈ 70 ਮੈਂਬਰਾਂ ਦੀ ਚੋਣ ਲਈ ਵੋਟ ਪਾਉਣ ਲਈ ਤਿਆਰ ਹੈ। ਸ਼ਹਿਰ ਵਿੱਚ ਤਿੰਨ-ਪੱਖੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਵਿੱਚ ‘ਆਪ’ ਸੱਤਾ ਬਰਕਰਾਰ ਰੱਖਣ ਲਈ ਯਤਨਸ਼ੀਲ ਹੈ, ਭਾਜਪਾ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਹਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਅਤੇ ਕਾਂਗਰਸ ਅਚਾਨਕ ਵਾਪਸੀ ਦੀ ਉਮੀਦ ਕਰ ਰਹੀ ਹੈ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਣੀ ਹੈ।
