ਚੰਡੀਗੜ੍ਹ – ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਪੰਜਾਬ ਨੇ ਇਕ ਵਾਰ ਫਿਰ ਵੱਕਾਰੀ ‘ਬੈਸਟ ਸਟੇਟ’ ਅਤੇ ‘ਬੈਸਟ ਡਿਸਟ੍ਰਿਕਟ’ ਪੁਰਸਕਾਰ ਹਾਸਲ ਕਰ ਕੇ ਵਾਤਾਵਰਣ ਸਥਿਰਤਾ ਵਿਚ ਨਵਾਂ ਮਾਪਦੰਡ ਸਥਾਪਤ ਕੀਤਾ ਹੈ। ਇਹ ਪੁਰਸਕਾਰ, ਜਿਸ ਦਾ ਸਿਹਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ. ਐਸ. ਸੀ. ਐਸ. ਟੀ.) ਅਤੇ ਪੰਜਾਬ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੂੰ ਜਾਂਦਾ ਹੈ, 4 ਫਰਵਰੀ ਨੂੰ ਇੰਡੀਆ ਹੈਬੀਟੈਟ ਸੈਂਟਰ, ਨਵੀਂ ਦਿੱਲੀ ਵਿਖੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ. ਐਸ. ਈ.) ਵੱਲੋਂ ਕਰਵਾਏ ਜਾਣ ਵਾਲੇ ‘ਗਰੀਨ ਸਕੂਲ ਅਵਾਰਡ ਸਮਾਰੋਹ’ ਦੌਰਾਨ ਦਿੱਤਾ ਜਾਵੇਗਾ।
ਇਹ ਪੁਰਸਕਾਰ ਸਕੂਲੀ ਭਾਈਚਾਰਿਆਂ ਦਰਮਿਆਨ ਵਾਤਾਵਰਣ ਜਾਗਰੂਕਤਾ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਿੱਚ ਪੰਜਾਬ ਦੇ ਮਿਸਾਲੀ ਯਤਨਾਂ ਦਾ ਨਤੀਜਾ ਹੈ, ਜੋ ਦੇਸ਼ ਵਿਆਪੀ ਪਹਿਲਕਦਮੀ ਵਿਚ ਸੂਬੇ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗਾ।
ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ.) ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਗ੍ਰੀਨ ਸਕੂਲ ਪ੍ਰੋਗਰਾਮ ਇੱਕ ਦੇਸ਼ ਵਿਆਪੀ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਸਕੂਲਾਂ ਨੂੰ ਵਾਤਾਵਰਣ ਜਾਗਰੂਕਤਾ ਅਤੇ ਸਥਿਰਤਾ ਦੇ ਮਾਡਲ ਬਣਾਉਣਾ ਹੈ। ਵਿਆਪਕ ਵਾਤਾਵਰਣ ਆਡਿਟ ਰਾਹੀਂ ਸਕੂਲਾਂ ਵੱਲੋਂ ਛੇ ਮੁੱਖ ਖੇਤਰਾਂ ਵਿੱਚ ਸਰੋਤਾਂ ਦੀ ਢੁਕਵੀਂ ਵਰਤੋਂ ਦਾ ਮੁਲਾਂਕਣ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਹਵਾ, ਊਰਜਾ, ਭੋਜਨ, ਜ਼ਮੀਨ, ਪਾਣੀ ਅਤੇ ਰਹਿੰਦ-ਖੂੰਹਦ ਸ਼ਾਮਲ ਹਨ।
ਇਹ ਪ੍ਰੋਗਰਾਮ ਸਕੂਲਾਂ ਨੂੰ ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਅਪਣਾਉਣ, ਢੁਕਵੇਂ ਤਰੀਕੇ ਨਾਲ ਸਰੋਤ ਪ੍ਰਬੰਧਨ ਅਤੇ ਵਾਤਾਵਰਣ ‘ਤੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਵਧੇਰੇ ਸਸ਼ਕਤ ਬਣਾਉਂਦਾ ਹੈ।
