ਸ੍ਰੀ ਹੇਮਕੁੰਟ ਸਾਹਿਬ ਨੂੰ ਜੋੜਨ ਵਾਲਾ ਪੁਲ ਹੋਇਆ ਢਹਿ ਢੇਰੀ
Chamoli : ਉਤਰਾਖੰਡ ਵਿਚ ਬੁੱਧਵਾਰ ਸਵੇਰੇ ਚਮੋਲੀ ਜ਼ਿਲ੍ਹੇ ਦੇ ਗੋਵਿੰਦਘਾਟ ਨੇੜੇ ਅਚਾਨਕ ਇਕ ਪਹਾੜੀ ਡਿੱਗ ਗਈ, ਜਿਸ ਨਾਲ ਹੇਮਕੁੰਡ ਸਾਹਿਬ ਨੂੰ ਜੋੜਨ ਵਾਲੇ ਪੁਲ ਨੂੰ ਨੁਕਸਾਨ ਪਹੁੰਚਿਆ। ਚਮੋਲੀ ਜ਼ਿਲ੍ਹੇ ਵਿਚ ਬਰਫ਼ ਖਿਸਕਣ ਦਾ ਖ਼ਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ 8 ਮਾਰਚ ਤੋਂ ਮੌਸਮ ਵਿਚ ਤਬਦੀਲੀ ਦਾ ਸੰਕੇਤ ਦਿੱਤਾ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਚਮੋਲੀ ਜ਼ਿਲ੍ਹੇ ਵਿਚ ਮੌਸਮ ਖਰਾਬ ਸੀ। ਬਦਰੀਨਾਥ ਧਾਮ, ਹੇਮਕੁੰਡ ਸਾਹਿਬ ਸਮੇਤ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਹੋਈ ਜਦਕਿ ਹੇਠਲੇ ਇਲਾਕਿਆਂ ਵਿਚ ਮੀਂਹ ਪਿਆ। ਇਸ ਕਾਰਨ ਜ਼ਿਲ੍ਹੇ ਵਿਚ ਭਾਰੀ ਠੰਢ ਪੈ ਰਹੀ ਹੈ। ਭਾਵੇਂ ਸਵੇਰੇ 11 ਵਜੇ ਮੌਸਮ ਆਮ ਹੋ ਗਿਆ ਅਤੇ ਸੂਰਜ ਚਮਕਿਆ ਪਰ ਦੇਰ ਸ਼ਾਮ ਨੂੰ ਮੌਸਮ ਫਿਰ ਖਰਾਬ ਹੋ ਗਿਆ।
ਬਦਰੀਨਾਥ ਧਾਮ ਵਿਚ ਵੱਧ ਤੋਂ ਵੱਧ ਤਾਪਮਾਨ ਮਨਫ਼ੀ ਅੱਠ ਅਤੇ ਘੱਟੋ-ਘੱਟ ਤਾਪਮਾਨ ਮਨਫ਼ੀ ਤਿੰਨ, ਜਯੋਤੀਰਮੱਠ ਵਿੱਚ ਵੱਧ ਤੋਂ ਵੱਧ ਤਾਪਮਾਨ ਚਾਰ ਅਤੇ ਘੱਟੋ-ਘੱਟ ਤਾਪਮਾਨ ਮਨਫ਼ੀ ਇੱਕ, ਔਲੀ ਵਿੱਚ ਵੱਧ ਤੋਂ ਵੱਧ ਤਾਪਮਾਨ ਤਿੰਨ ਅਤੇ ਘੱਟੋ-ਘੱਟ ਮਨਫ਼ੀ ਦੋ ਰਿਹਾ। ਤਾਪਮਾਨ ਵਿੱਚ ਗਿਰਾਵਟ ਕਾਰਨ ਲੋਕ ਦਿਨ ਭਰ ਆਪਣੇ ਘਰਾਂ ਵਿਚ ਹੀ ਰਹੇ।
