ਬਟਾਲਾ, 14 ਦਸੰਬਰ -ਪੁਲਸ ਥਾਣਾ ਭੈਣੀ ਮੀਆਂ ਖਾਂ ਵਲੋਂ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿਚ ਸਫਲਤਾ ਪ੍ਰਾਪਤ ਕਰਦਿਆਂ ਮੁਖ ਦੋਸ਼ੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਦਕਿ ਇਸਦਾ ਦੂਜਾ ਸਾਥੀ ਫਰਾਰ ਹੈ।
ਇਸ ਸਬੰਧੀ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਧਰਮਿੰਦਰ ਕੇਸ਼ਵ ਪੁੱਤਰ ਭਗੀਰਥ ਵਾਸੀ ਜ਼ਿਲਾ ਭਿੰਡ, ਬਿਹਾਰ, ਜੋ ਕਿ ਭੈਣੀ ਮੀਆਂ ਖਾਂ ਅੱਡੇ ਵਿਚ ਗੋਲ ਗੱਪਿਆਂ ਦੀ ਰੇਹੜੀ ਲਗਾਉਂਦਾ ਹੈ, ਬੀਤੀ 2 ਸਤੰਬਰ 2024 ਨੂੰ ਗੋਲ ਗੱਪੇ ਵੇਚਣ ਉਪਰੰਤ ਰਾਤ ਨੂੰ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਅਤੇ ਜਦੋਂ ਇਹ ਅੱਡੇ ਤੋਂ ਥੋੜ੍ਹੀ ਦੂਰੀ ’ਤੇ ਗਿਆ ਤਾਂ ਦੋ ਨੌਜਵਾਨ ਜੋ ਮੋਟਰਸਾਈਕਲ ’ਤੇ ਸਵਾਰ ਸਨ, ਨੇ ਇਸ ਨੂੰ ਰੋਕ ਕੇ ਇਸ ਕੋਲੋਂ ਗੋਲ ਗੱਪੇ ਖਾਧੇ। ਜਦ ਉਕਤ ਰੇਹੜੀ ਵਾਲੇ ਨੇ ਨੌਜਵਾਨਾਂ ਕੋਲੋਂ ਪੈਸੇ ਮੰਗੇ ਤਾਂ ਉਨ੍ਹਾਂ ਨੇ ਉਸ ਨਾਲ ਝਗੜਾ ਕਰਦਿਆਂ ਉਸਦੇ ਸਿਰ ’ਚ ਦਾਤਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਡੀ.ਐੱਸ.ਪੀ ਮਾਨ ਨੇ ਅੱਗੇ ਦੱਸਿਆ ਕਿ ਥਾਣਾ ਭੈਣੀ ਮੀਆਂ ਖਾਂ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰ.48 ਧਾਰਾ 302 ਆਈ.ਪੀ.ਸੀ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ’ਤੇ ਭਾਰੀ ਮਿਹਨਤ ਮੁਸ਼ੱਕਤ ਕਰਦਿਆਂ ਵੱਖ-ਵੱਖ ਐਂਗਲਾਂ ਤੋਂ ਇਸ ਵਾਰਦਾਤ ਦੀ ਜਾਂਚ ਕਰਦਿਆਂ ਆਸ-ਪਾਸ ਦੇ ਇਲਾਕਿਆਂ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ ਦੇ ਬਾਅਦ ਇਸ ਹੋਏ ਅੰਨ੍ਹੇ ਕਤਲ ਦੀ ਗੁੱਥੀ ਤੋਂ ਝੁਲਸਾਉਂਦਿਆਂ ਮੁਖ ਦੋਸ਼ੀ ਅਮਨਦੀਪ ਪੁੱਤਰ ਸਰਬਜੀਤ ਵਾਸੀ ਪਿੰਡ ਤੁਗਲਵਾਲ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਜਦਕਿ ਇਸ ਦਾ ਦੂਜਾ ਸਾਥੀ ਭੁਪਿੰਦਰ ਭਿੰਦਾ ਪੁੱਤਰ ਗੁਰਦੀਪ ਵਾਸੀ ਤੁਗਲਵਾਲ ਜੋ ਕਿ ਫਰਾਰ ਹੈ, ਦੀ ਤਲਾਸ਼ੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਜਲਦ ਹੀ ਪੁਲਸ ਹਿਰਾਸਤ ਵਿਚ ਹੋਵੇਗਾ।
