ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ
ਪੰਜਾਬ ਪੁਲਿਸ ਦੀ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਫਿਰੋਜ਼ਪੁਰ ਦੇ ਪਿੰਡ ਘੱਲਾ ਖੁਰਦ ਨੇੜੇ ਪਾਕਿਸਤਾਨ ਸਰਹੱਦ ‘ਤੇ ਸਰਗਰਮ ਸਮੱਗਲਰ ਹਰਦੀਪ ਸਿੰਘ ਦੀਪਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਫਿਰੋਜ਼ਪੁਰ ਦੇ ਪਿੰਡ ਘੱਲਾ ਖੁਰਦ ਦਾ ਰਹਿਣ ਵਾਲਾ ਹੈ ਅਤੇ ਉਸੇ ਇਲਾਕੇ ਵਿਚ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਨਸ਼ੀਲੇ ਪਦਾਰਥ ਵੇਚਦਾ ਸੀ। ਪੁਲਿਸ ਨੇ ਉਸ ਕੋਲੋਂ ਤਿੰਨ ਆਧੁਨਿਕ ਹਥਿਆਰ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਉਕਤ ਜਗ੍ਹਾ ‘ਤੇ ਦੀਪਾ ਦੀ ਗਤੀਵਿਧੀ ਵੱਧ ਰਹੀ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਗੈਂਗਸਟਰ ਹਰਦੀਪ ਸਿੰਘ ਉਰਫ਼ ਦੀਪਾ ਨੂੰ ਪਿੰਡ ਘੱਲ ਖੁਰਦ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਲਦੀ ਹੀ ਪੁਲਿਸ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰੇਗੀ ਅਤੇ ਪੁੱਛਗਿੱਛ ਲਈ ਉਸਨੂੰ ਰਿਮਾਂਡ ‘ਤੇ ਲਵੇਗੀ।
ਪੁਲਿਸ ਨੇ ਮੁਲਜ਼ਮਾਂ ਤੋਂ 3 ਪਿਸਤੌਲ (ਇਕ ਗਲੌਕ ਪਿਸਤੌਲ, ਇਕ ਬੇਰੇਟਾ .30 ਐਮ. ਐਮ. ਪਿਸਤੌਲ, ਇੱਕ ਪੰਪ ਐਕਸ਼ਨ ਗੰਨ), 141 ਵੱਖ-ਵੱਖ ਕਾਰਤੂਸ (9 ਐਮ. ਐਮ, .30 ਕੈਲੀਬਰ, 12 ਬੋਰ), 45 ਗ੍ਰਾਮ ਹੈਰੋਇਨ ਅਤੇ ਇਕ ਸਵਿਫਟ ਕਾਰ ਬਰਾਮਦ ਕੀਤੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰ ਸੂਬੇ ਵਿਚ ਅੱਤਵਾਦ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰ ਤੋਂ ਪ੍ਰਾਪਤ ਕੀਤੇ ਗਏ ਸਨ। ਮੁਲਜ਼ਮ ਵਿਰੁੱਧ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਫਾਜ਼ਿਲਕਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।
