ਗੁਰਦੁਆਰਾ ਸਾਹਿਬ ਦੇ ਸਰੋਵਰ ’ਚ ਡੁੱਬਣ ਕਾਰਨ 2 ਚਚੇਰੇ ਭਰਾਵਾਂ ਦੀ ਮੌਤ

ਕੋਟਕਪੂਰਾ :-ਨੇੜਲੇ ਪਿੰਡ ਖਾਰਾ ਵਿਖੇ ਵਾਪਰੀ ਇਕ ਮੰਦਭਾਗੀ ਘਟਨਾ ਦੌਰਾਨ ਪਿੰਡ ਦੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਰੋਵਰ ਵਿਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਲਵਪ੍ਰੀਤ ਸਿੰਘ (14) ਉਰਫ ਲੱਭੀ ਪੁੱਤਰ ਬਲਵਿੰਦਰ ਸਿੰਘ ਅਤੇ ਹਰਮਨ ਸਿੰਘ (14) ਪੁੱਤਰ ਚੜਤ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਵਿਚ ਪਿੰਡ ਨਾਲ ਸਬੰਧਤ ਇਕ ਪਰਿਵਾਰ ਦੇ ਘਰ ਹੋਈ ਮੌਤ ਦੇ ਸਬੰਧ ਵਿਚ ਪਾਠ ਦਾ ਭੋਗ ਰੱਖਿਆ ਗਿਆ ਸੀ, ਜਿਸ ਵਿਚ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਹੋਏ ਸਨ। ਇਸੇ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਆਏ ਪਿੰਡ ਦੇ ਰਹਿਣ ਵਾਲੇ ਬੱਚੇ ਸਰੋਵਰ ਨੇੜੇ ਖੜ੍ਹੇ ਸਨ, ਜਿੱਥੇ ਇਕ ਬੱਚਾ ਪੈਰ ਤਿਲਕਣ ਕਾਰਨ ਸਰੋਵਰ ਵਿਚ ਡਿੱਗ ਗਿਆ ਅਤੇ ਉਸ ਨੂੰ ਬਚਾਉਣ ਲਈ ਸਰੋਵਰ ਵਿੱਚ ਉਤਰਿਆ ਦੂਜਾ ਬੱਚਾ ਵੀ ਡੁੱਬ ਗਿਆ। ਸੂਚਨਾ ਮਿਲਣ ਸਾਰ ਹੀ ਪਿੰਡ ਵਾਸੀਆਂ ਨੇ ਦੋਵਾਂ ਨੂੰ ਬਾਹਰ ਕੱਢਿਆ ਅਤੇ ਕੋਟਕਪੂਰਾ ਦੇ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਸਬੰਧੀ ਪਿੰਡ ਦੇ ਸਰਪੰਚ ਜਗਤਾਰ ਸਿੰਘ ਜੱਗਾ ਨੇ ਦੱਸਿਆ ਕਿ ਦੋਵੇਂ ਬੱਚੇ ਕਬੱਡੀ ਦੇ ਖਿਡਾਰੀ ਸਨ ਅਤੇ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਨਾਲ-ਨਾਲ ਪੰਚਾਇਤ ਵੱਲੋਂ ਵੀ ਪਰਿਵਾਰ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਵੀ ਪਰਿਵਾਰਾਂ ਦੀ ਮਾਲੀ ਮਦਦ ਦੀ ਗੁਹਾਰ ਲਗਾਈ ਹੈ।

Leave a Reply

Your email address will not be published. Required fields are marked *