ਜਗਰੂਪ ਸਿੰਘ ਸੇਖਵਾਂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਨਾਲ ਮੀਟਿੰਗ ਕਰ ਕੇ ਮੁੱਖ ਮੰਤਰੀ ਨੂੰ ਭਿਜਵਾਈ ਫਾਈਲ
ਗੁਰਦਾਸਪੁਰ : ਜ਼ਿਲਾ ਗੁਰਦਾਸਪੁਰ ’ਚ ਡੱਲਾ ਗੋਰੀਆ ਵਿਖੇ ਪੰਜਾਬ ਦਾ ਦੂਸਰਾ ਸੈਨਿਕ ਸਕੂਲ ਖੋਲ੍ਹਣ ਲਈ ਸ਼ੁਰੂ ਕੀਤੀ ਕਾਰਵਾਈ ਨੂੰ ਤੇਜ਼ ਕਰਨ ਲਈ ਅੱਜ ਜ਼ਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਨਾਲ ਮੀਟਿੰਗ ਕੀਤੀ।
ਇਸ ਮੌਕੇ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵ. ਸੇਵਾ ਸਿੰਘ ਸੇਖਵਾਂ ਨੇ ਸਾਲ 2010 ’ਚ ਇਸ ਇਲਾਕੇ ਅੰਦਰ ਸੈਨਿਕ ਸਕੂਲ ਖੋਲ੍ਹਣ ਦਾ ਸੁਪਨਾ ਦੇਖਿਆ ਸੀ, ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਮੌਕੇ 23 ਦਸੰਬਰ 2010 ਨੂੰ ਪਿੰਡ ਡੱਲਾ ਗੋਰੀਆ ਦੀ 40 ਏਕੜ ਜ਼ਮੀਨ ਸੈਨਿਕ ਭਲਾਈ ਵਿਭਾਗ ਨੂੰ ਅਲਾਟ ਕਰਵਾਈ ਸੀ ਪਰ ਕਈ ਵੱਖ-ਵੱਖ ਕਿਸਮ ਦੀਆਂ ਹੋਰ ਕਾਰਵਾਈਆਂ ਸਿਰੇ ਨਾ ਚੜ੍ਹ ਸਕਣ ਕਾਰਨ ਇਹ ਮਾਮਲਾ ਅਜੇ ਤੱਕ ਲਟਕਿਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਬਾਅਦ ’ਚ 2017 ਦੌਰਾਨ ਸੈਨਿਕ ਸਕੂਲਾਂ ਦੀ ਕਾਰਜਕਾਰਨੀ ਦੀ ਕਮੇਟੀ ’ਚ ਇਹ ਫੈਸਲਾ ਲਿਆ ਸੀ ਕਿ ਜਦੋਂ ਵੀ ਕਿਸੇ ਰਾਜ ’ਚ ਕੋਈ ਨਵਾਂ ਸੈਨਿਕ ਸਕੂਲ ਖੁੱਲ੍ਹੇਗਾ ਤਾਂ ਉਸ ਤੋਂ ਪਹਿਲਾਂ ਉਸ ਸੂਬੇ ਅੰਦਰ ਪੁਰਾਣੇ ਚੱਲ ਰਹੇ ਸੈਨਿਕ ਸਕੂਲ ਦੀ ਕਮੇਟੀ ਦਾ ਸਬੰਧਤ ਸੂਬਾ ਸਰਕਾਰ ਦੇ ਨਾਲ ਐੱਮ. ਓ. ਯੂ. ਸਾਈਨ ਕਰਨਾ ਪਵੇਗਾ ਅਤੇ ਜਿੰਨੀ ਦੇਰ ਐੱਮ. ਓ. ਯੂ. ਸਾਇਨ ਨਹੀਂ ਹੁੰਦਾ, ਉਨੀ ਦੇਰ ਉਕਤ ਸਕੂਲ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ।
ਇਸ ਕਾਰਨ ਡੱਲਾ ਗੋਰੀਆ ਵਿਚ ਬਣਨ ਵਾਲੇ ਇਸ ਸੈਨਿਕ ਸਕੂਲ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਜਦੋਂ ਕਿ ਪੰਜਾਬ ਸਰਕਾਰ ਨੇ ਗੁਰਦਾਸਪੁਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ 50 ਲੱਖ ਰੁਪਏ ਦੀ ਰਾਸ਼ੀ ਵੀ ਟਰਾਂਸਫਰ ਕਰ ਦਿੱਤੀ ਸੀ ਅਤੇ ਅਜੇ ਵੀ ਇਹ ਰਾਸ਼ੀ ਡਿਪਟੀ ਕਮਿਸ਼ਨਰ ਦੇ ਖਾਤੇ ’ਚ ਸਕੂਲ ਦੀ ਉਸਾਰੀ ਲਈ ਪਈ ਹੈ।
ਜਗਰੂਪ ਸੇਖਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੰਤਰੀ ਮਹਿੰਦਰ ਭਗਤ ਨਾਲ ਮੀਟਿੰਗ ਕਰ ਕੇ ਸੈਨਿਕ ਸਕੂਲ ਕਮੇਟੀ ਅਤੇ ਸਰਕਾਰ ਦਾ ਮੈਮੋਰੈਂਡਮ ਸਾਈਨ ਕਰਵਾਉਣ ਲਈ ਸਬੰਧਤ ਫਾਈਲ ਮੁੱਖ ਮੰਤਰੀ ਨੂੰ ਪ੍ਰਵਾਨਗੀ ਲਈ ਭੇਜ ਦਿੱਤੀ ਹੈ। ਸੇਖਵਾਂ ਨੇ ਕਿਹਾ ਕਿ ਬਹੁਤ ਜਲਦੀ ਮੁੱਖ ਮੰਤਰੀ ਦਫਤਰ ਵੱਲੋਂ ਇਹ ਫਾਈਲ ਪ੍ਰਵਾਨਗੀ ਦੇ ਕੇ ਵਾਪਸ ਭੇਜੀ ਜਾਵੇਗੀ, ਜਿਸ ਤੋਂ ਬਾਅਦ ਸੈਨਿਕ ਸਕੂਲ ਕਪੂਰਥਲਾ ਦਾ ਮੈਮੋਰੈਂਡਮ ਆਫ ਐਗਰੀਮੈਂਟ ਹੋਣ ਤੋਂ ਬਾਅਦ ਜਲਦੀ ਹੀ ਗੁਰਦਾਸਪੁਰ ਜ਼ਿਲੇ ਅੰਦਰ ਸੈਨਿਕ ਸਕੂਲ ਦੀ ਉਸਾਰੀ ਸ਼ੁਰੂ ਕਰਨ ਲਈ ਅਗਲੀ ਕਾਰਵਾਈ ਕੀਤੀ ਜਾਵੇਗੀ।