ਨਕੋਦਰ : ਜਿਲਾ ਜਲੰਧਰ ਦੇ ਕਸਬਾ ਨਕੋਦਰ ਵਿਚ ਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਨਕੋਦਰ ਦੇ ਸ਼ੰਕਰ ਰੋਡ ’ਤੇ ਇਕ ਨਹਿਰ ਦੇ ਕੰਢੇ ਤੋਂ ਬਰਾਮਦ ਹੋਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ।
ਜਦੋਂ ਇਕ ਨੌਜਵਾਨ ਇਸ ਥਾਂ ਨੇੜਿਉਂ ਲੰਘ ਰਿਹਾ ਸੀ ਤਾਂ ਉਸ ਦਾ ਧਿਆਨ ਉਸ ਜਗ੍ਹਾ ‘ਤੇ ਗਿਆ, ਜਿਥੇ ਇਕ ਲਾਲ ਕੱਪੜਾ ਪਿਆ ਸੀ। ਸ਼ੱਕ ਪੈਣ ’ਤੇ ਉਸ ਨੇ ਲਾਲ ਕੱਪੜਾ ਚੁੱਕਿਆ ਤਾਂ ਉਸ ਨੂੰ ਇਸ ਵਿਚ ਲਪੇਟੀਆਂ ਹੋਈਆਂ ਗੁਰੂ ਸਾਹਿਬ ਦੀਆਂ ਸੈਂਚੀਆਂ ਅਤੇ ਗੁਟਕਾ ਸਾਹਿਬ ਮਿਲੇ। ਉਸ ਵਲੋਂ ਰੌਲਾ ਪਾਉਣ ’ਤੇ ਮੌਕੇ ’ਤੇ ਇਕੱਠੀ ਹੋਈ ਸਿੱਖ ਸੰਗਤ ਨੇ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸੁਖਪਾਲ ਸਿੰਘ, ਸਿਟੀ ਪੁਲਿਸ ਸਟੇਸ਼ਨ ਦੇ ਮੁਖੀ ਅਮਨ ਸੈਣੀ ਮੌਕੇ ‘ਤੇ ਪਹੁੰਚ ਗਏ। ਜਿੱਥੇ ਉਨ੍ਹਾਂ ਨੇ ਸਤਿਕਾਰ ਸਹਿਤ ਸੈਂਚੀਆਂ ਅਤੇ ਗੁਟਕਾ ਸਾਹਿਬ ਨਕੋਦਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਪਹੁੰਚਾਏ।
ਨਕੋਦਰ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੀ ਉੱਥੇ ਪਹੁੰਚੇ ਅਤੇ ਮੰਗ ਕੀਤੀ ਕਿ ਇਸ ਹਰਕਤ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਿਰਫ਼ ਗੁਟਕਾ ਸਾਹਿਬ ਅਤੇ ਸੈਂਚੀਆਂ ਹੀ ਨਹੀਂ ਬਲਕਿ ਕੁੱਝ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੂੰ ਦਿੱਤੇ ਜਾਣ ਵਾਲੇ ਸਨਮਾਨ ਚਿੰਨ੍ਹ ਵੀ ਇਸ ਥਾਂ ’ਤੇ ਸੁੱਟੇ ਹੋਏ ਮਿਲੇ ਹਨ।
