ਹਰਿਆਣਾ ਦੇ ਪਾਣੀਪਤ ਵਿਚ ਜੇ. ਜੇ. ਪੀ. ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜੇ. ਜੇ. ਪੀ. ਦੇ ਯੁਵਾ ਨੇਤਾ ਰਵਿੰਦਰ ਉਰਫ਼ ਮੀਨਾ ਦੀ ਬੀਤੀ ਸ਼ਾਮ ਕਰੀਬ ਸਾਢੇ 7 ਵਜੇ ਉਸੀ ਦੇ ਗੁਆਂਢੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਵਿੰਦਰ ਦੇ ਨਾਲ ਦੋ ਹੋਰ ਲੋਕਾਂ ਨੂੰ ਵੀ ਗੋਲੀ ਮਾਰੀ ਗਈ ਹੈ।
ਸ਼ੁਰੂਆਤੀ ਜਾਂਚ ਵਿਚ ਸਾਲੀ ਅਤੇ ਉਸ ਦੇ ਪਤੀ ਵਿਚਕਾਰ ਅਣਬਣ ਦੇ ਕਾਰਨ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਗੱਲ ਸਾਹਮਣੇ ਆਈ ਹੈ। ਮੁਲਜ਼ਮ ਰਵਿੰਦਰ ਦੇ ਜੱਦੀ ਪਿੰਡ ਸੋਨੀਪਤ ਦੇ ਜਾਗਸੀ ਦਾ ਰਹਿਣ ਵਾਲਾ ਹੈ ਅਤੇ ਪਾਣੀਪਤ ਦੇ ਵਿਕਾਸ ਨਗਰ ਵਿਚ ਰਵਿੰਦਰ ਦੀ ਗਲੀ ਵਿਚ ਹੀ ਰਹਿੰਦਾ ਸੀ। ਦੋਵੇਂ ਜ਼ਖ਼ਮੀਆਂ ਨੂੰ ਜੀਟੀ ਰੋਡ ਸਥਿਤ ਸਿਵਾਹ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਸੋਨੀਪਤ ਦੇ ਜਗਸੀ ਪਿੰਡ ਦਾ ਰਹਿਣ ਵਾਲਾ ਰਵਿੰਦਰ ਉਰਫ਼ ਮੀਨਾ (32) ਪਾਣੀਪਤ ਦੇ ਐੱਨ. ਐੱਫ. ਐੱਲ. (ਨੈਸ਼ਨਲ ਫਰਟੀਲਾਈਜ਼ਰ ਲਿਮਟਿਡ) ਖੇਤਰ ਦੇ ਵਿਕਾਸ ਨਗਰ ਦੀ ਲੇਨ ਨੰਬਰ-2 ’ਚ ਰਹਿੰਦਾ ਸੀ। ਉਹ ਸ਼ੁੱਕਰਵਾਰ ਨੂੰ ਆਪਣੇ ਘਰ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਸੀ ਪਿੰਡ ਦੇ ਰਣਬੀਰ, ਵਿਨੀਤ ਅਤੇ ਵਿਨੈ ਵੀ ਵਿਕਾਸ ਨਗਰ ਦੀ ਲੇਨ ਨੰਬਰ-2 ’ਚ ਰਹਿੰਦੇ ਹਨ। ਰਵਿੰਦਰ ਉਰਫ ਮੀਨਾ ਦੀ ਭਾਬੀ ਦਾ ਵਿਆਹ ਰਣਬੀਰ ਦੇ ਜੀਜੇ ਨਾਲ ਹੋਇਆ ਸੀ। ਦੋਵਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।
ਰਿਸ਼ਤੇਦਾਰਾਂ ਨੇ ਦੱਸਿਆ ਕਿ ਰਣਬੀਰ ਸ਼ਾਮ ਨੂੰ ਰਵਿੰਦਰ ਦੇ ਗੁਆਂਢੀ ਰਾਜਬੀਰ ਦੇ ਘਰ ਆਇਆ ਸੀ। ਜਿਵੇਂ ਹੀ ਉਹ ਆਇਆ ਉਸਨੇ ਉਸ ਤੋਂ ਪਾਣੀ ਮੰਗਿਆ। ਇਸੇ ਦੌਰਾਨ ਵਿਨੈ ਵੀ ਉੱਥੇ ਪਹੁੰਚ ਗਿਆ। ਦੋਸ਼ ਹੈ ਕਿ ਜਿਵੇਂ ਹੀ ਰਣਬੀਰ ਪਹੁੰਚਿਆ, ਉਸਨੇ ਵਿਨੈ ਦੇ ਪੇਟ ਵਿੱਚ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਰਵਿੰਦਰ ਉਰਫ਼ ਮੀਨਾ ਅਤੇ ਵਿਨੀਤ ਵੀ ਉੱਥੇ ਪਹੁੰਚ ਗਏ।
ਰਣਬੀਰ ਨੇ ਰਵਿੰਦਰ ਦੇ ਮੱਥੇ ’ਤੇ ਸਿੱਧੀ ਗੋਲੀ ਮਾਰੀ ਅਤੇ ਇਕ ਗੋਲੀ ਵਿਨੀਤ ਦੇ ਟਿੱਢ ’ਚ ਮਾਰੀ। ਘਟਨਾ ਤੋਂ ਬਾਅਦ ਮੁਲਜ਼ਮ ਰਣਬੀਰ ਮੌਕੇ ਤੋਂ ਭੱਜ ਗਿਆ। ਪਰਿਵਾਰ ਤਿੰਨਾਂ ਨੂੰ ਸਿਵਾਹ ਪਿੰਡ ਦੇ ਇਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨੇ ਰਵਿੰਦਰ ਉਰਫ਼ ਮੀਨਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
