ਅਸੀਂ ਕਿਸਾਨਾਂ ਦੀਆਂ ਮੰਗਾਂ ਲਈ ਪੂਰੀ ਜ਼ਿੰਦਗੀ ਲਗਾਉਣ ਲਈ ਤਿਆਰ
- 128 ਦਿਨਾਂ ਬਾਅਦ ਡੱਲੇਵਾਲ ਪਹੁੰਚੇ ਆਪਣੇ ਪਿੰਡ ਦੀ ਮਹਾਕਿਸਾਨ ਪੰਚਾਇਤ ਵਿਚ

ਫਰੀਦਕੋਟ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ 128 ਵੇਂ ਦਿਨ ਅੱਜ ਹਸਪਤਾਲ ਤੋਂ ਛੁੱਟੀ ਲੈ ਕੇ ਸਿੱਧੇ ਆਪਣੇ ਪਿੰਡ ਡੱਲੇਵਾਲ ਵਿਖੇ ਕਰਵਾਈ ਜਾ ਰਹੀ ਮਹਾ ਪੰਚਾਇਤ ਵਿਚ ਪੁੱਜੇ, ਜਿਥੇ ਉਨ੍ਹਾ ਆਖਿਆ ਕਿ ਕਿਸਾਨਾਂ ਲਈ ਐੱਮ. ਐੱਸ. ਪੀ. ਗਾਰੰਟੀ ਕਾਨੂੰੂਨ ਦੀ ਲੜਾਈ ਜਿੱਤਣੀ ਸਾਡਾ ਦ੍ਰਿੜ੍ਹ ਇਰਾਦਾ ਹੈ। ਇਸ ਲਈ ਚਲ ਰਿਹਾ ਕਿਸਾਨ ਅੰਦੋਲਨ ਮੁੜ ਖੜਾ ਹੋਵੇਗਾ ਤੇ ਸਿਖਰਾਂ ’ਤੇ ਪੁੱਜੇਗਾ।
ਕਿਸਾਨ ਆਗੂ ਡੱਲੇਵਾਲ ਨੇ ਪੰਚਾਇਤ ਵਿਚ ਹਾਜ਼ਰ ਕਿਸਾਨਾਂ ਨੂੰ ਕਿਹਾ ਕਿ ਸਰਕਾਰਾਂ ਨੇ ਸਾਡੇ ਪਿੱਠ ਵਿਚ ਛੁੂਰਾ ਮਾਰ ਕੇ ਧੋਖੇ ਨਾਲ ਕਿਸਾਨਾਂ ਮੋਰਚਿਆਂ ਉੱਪਰ ਹਮਲਾ ਕੀਤਾ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਹੈ, ਉਨ੍ਹਾਂ ਕਿਹਾ ਕਿ ਜਦੋਂ 18 ਜਨਵਰੀ ਤੱਕ ਹਜ਼ਾਰਾਂ ਨੌਜਵਾਨ ਮੋਰਚਿਆਂ ਉੱਪਰ ਦਿਨ-ਰਾਤ ਪਹਿਰਾ ਦੇ ਰਹੇ ਸਨ ਤਾਂ ਕਿਸੇ ਵੀ ਸਰਕਾਰ ਨੇ ਸਾਡੇ ਮੋਰਚਿਆਂ ਵੱਲ ਦੇਖਣ ਦੀ ਹਿੰਮਤ ਨਹੀਂ ਸੀ।
ਉਨ੍ਹਾਂ ਕਿਹਾ ਕਿ ਪਿੱਛਲੇ ਕਈ ਦਿਨਾਂ ਤੋਂ ਅਮਰੀਕੀ ਵਪਾਰਕ ਵਫ਼ਦ ਭਾਰਤ ਆਇਆ ਹੋਇਆ ਹੈ ਅਤੇ ਅਮਰੀਕੀ ਖੇਤੀ ਉਤਪਾਦਾਂ ’ਤੇ ਦਰਾਮਦ ਡਿਊਟੀ ਖਤਮ ਕਰਨ ਲਈ ਦਬਾਅ ਭਾਰਤ ਸਰਕਾਰ ਤੇ ਬਣਾਇਆ ਜਾ ਰਿਹਾ ਹੈ, ਜੇਕਰ ਭਾਰਤ ਸਰਕਾਰ ਇਸ ਦਬਾਅ ਅੱਗੇ ਝੁਕਦੀ ਹੈ ਤਾਂ ਇਹ ਭਾਰਤ ਦੇ ਕਿਸਾਨਾਂ ਲਈ ਮੌਤ ਦੇ ਵਾਰੰਟ ਵਾਂਗ ਹੋਵੇਗਾ।
ਉਨ੍ਹਾਂ ਕਿਹਾ ਕਿ ਪੀ. ਐੱਮ. ਮੋਦੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ 56 ਇੰਚ ਦੀ ਛਾਤੀ ਹੈ ਅਤੇ ਉਨ੍ਹਾਂ ਦੀ ਸਰਕਾਰ ਕਿਸੇ ਅੱਗੇ ਨਹੀਂ ਝੁਕਦੀ, ਜੇਕਰ ਅਸਲ ਵਿਚ ਉਨ੍ਹਾਂ ਕੋਲ 56 ਇੰਚ ਦੀ ਛਾਤੀ ਹੈ ਅਤੇ ਜੇਕਰ ਉਹ ਕਿਸੇ ਵਿਦੇਸ਼ੀ ਸਰਕਾਰ ਅੱਗੇ ਨਹੀਂ ਝੁਕਦੇ ਤਾਂ ਉਨ੍ਹਾਂ ਨੂੰ ਭਾਰਤੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਸਟੈਂਡ ਲੈਣਾ ਚਾਹੀਦਾ ਹੈ ਅਤੇ ਅਮਰੀਕਾ ਦੇ ਦਬਾਅ ਅੱਗੇ ਨਹੀਂ ਝੁਕਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਦੀ ਲੜਾਈ ਨੂੰ ਜਿੱਤ ਤੱਕ ਲਿਜਾਣਾ ਸਾਡਾ ਦ੍ਰਿੜ੍ਹ ਇਰਾਦਾ ਹੈ ਅਤੇ ਅਸੀਂ ਇਸ ਵਾਅਦੇ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਲਗਾ ਦੇਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਅੰਦੋਲਨ ਦੇ ਦਬਾਅ ਕਾਰਨ ਖੇਤੀਬਾੜੀ ਮੁੱਦਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਆਪਣੀ ਰਿਪੋਰਟ ਵਿਚ ਝਛਸ਼ ਗਾਰੰਟੀ ਕਾਨੂੰਨ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ।
4 ਅਪ੍ਰੈਲ ਨੂੰ ਫ਼ਿਰੋਜ਼ਪੁਰ, 5 ਅਪ੍ਰੈਲ ਨੂੰ ਪਟਿਆਲਾ, 6 ਅਪ੍ਰੈਲ ਨੂੰ ਫ਼ਤਹਿਗੜ੍ਹ ਸਾਹਿਬ, 7 ਅਪ੍ਰੈਲ ਨੂੰ ਧਨੌਲਾ (ਬਰਨਾਲਾ), 8 ਅਪ੍ਰੈਲ ਨੂੰ ਦੋਦਾ (ਮੁਕਤਸਰ ਸਾਹਿਬ), 9 ਅਪ੍ਰੈਲ ਨੂੰ ਫਾਜ਼ਿਲਕਾ, 10 ਅਪ੍ਰੈਲ ਨੂੰ ਅੰਮਿਬਸਰ ਅਤੇ ਮਈ ਮਹੀਨੇ ਵਿਚ ਹਰਿਆਣਾ ਅਤੇ ਰਾਜਸਥਾਨ ਵਿਚ ਮਹਾਂਪੰਚਾਇਤਾਂ ਹੋਣਗੀਆਂ ਜਿਸ ਵਿਚ ਜਗਜੀਤ ਸਿੰਘ ਡੱਲੇਵਾਲ ਖੁਦ ਸ਼ਿਰਕਤ ਕਰਨਗੇ।
