ਫਾਇਰ ਬ੍ਰਿਗੇਡ ਮੁਲਜ਼ਮਾਂ ਤੇ ਲੋਕਾਂ ਨੇ ਭਾਰੀ ਮੁਸ਼ੱਕਤ ਬਾਅਦ ਅੱਗ ’ਤੇ ਪਾਇਆ ਕਾਬੂ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਡਾਹਰ ਕਲਾਂ ’ਚ ਸ਼ਨੀਵਾਰ ਕਰੀਬ 10 ਵਜੇ ਇਕ ਕਿਸਾਨ ਦੇ ਖੇਤ ਨੂੰ ਅੱਗ ਲੱਗ ਗਈ, ਜਿਸ ਕਾਰਨ 13 ਏਕੜ ਕਣਕ ਅਤੇ 18 ਏਕੜ ਨਾੜ ਸੜ ਗਿਆ।
ਇਸ ਸਬੰਧੀ ਪੀੜਤ ਕਿਸਾਨ ਸੁਖਬੀਰ ਸਿੰਘ ਪੁੱਤਰ ਗੁਰਭਗਤ ਸਿੰਘ ਵਾਸੀ ਪਿੰਡ ਮਡਾਹਰ ਕਲਾਂ ਨੇ ਦੱਸਿਆ ਕਿ ਉਸਦੀ ਜ਼ਮੀਨ ਬਰੀਵਾਲਾ ਨਜ਼ਦੀਕ ਮੇਨ ਰੋਡ ’ਤੇ ਹੈ। ਅੱਜ ਸਵੇਰੇ ਕਰੀਬ 10 ਵਜੇ ਨਾੜ ਨੂੰ ਅੱਗ ਲੱਗ ਗਈ ਅਤੇ ਤੇਜ਼ ਹਵਾ ਕਾਰਨ ਇਹ ਅੱਗ ਵੱਧਦੀ ਹੋਈ ਨਾਲ ਖੜ੍ਹੀ ਉਸਦੀ ਪੱਕੀ ਕਣਕ ਨੂੰ ਲੱਗ ਗਈ।
ਉਸਨੇ ਦੱਸਿਆ ਜਿਵੇਂ ਹੀ ਉਸਨੂੰ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਉੱਥੇ ਪੁੱਜਾ ਤੇ ਨਾਲ ਹੀ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ।
ਇਸ ਦੌਰਾਨ ਪਤਾ ਲੱਗਣ ’ਤੇ ਨੇੜਲੇ ਕਰੀਬ 4 ਪਿੰਡਾਂ ਦੇ ਲੋਕ ਵੀ ਵੱਡੀ ਗਿਣਤੀ ’ਚ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਉਣ ’ਚ ਲੱਗ ਗਏ। ਅੱਗ ਐਨੀ ਭਿਆਨਕ ਸੀ ਕਿ ਕੁਝ ਹੀ ਸਮੇਂ ’ਚ ਉਸਦੀ 13 ਏਕੜ ਕਣਕ ਤੇ 18 ਏਕੜ ਨਾੜ ਨੂੰ ਲਪੇਟ ’ਚ ਲੈ ਲਿਆ। ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਕਰਮਚਾਰੀਆਂ ਤੇ ਲੋਕਾਂ ਵੱਲੋਂ ਵੱਡੀ ਮੁਸ਼ੱਕਤ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ।
ਕਿਸਾਨ ਨੇ ਦੱਸਿਆ ਉਸਦੇ ਖੇਤਾਂ ’ਚ ਲੱਗੇ ਜ਼ਾਮਨ ਦੇ ਸੈਂਕੜੇ ਦਰੱਖਤ ਵੀ ਝੁਲਸ ਗਏ। ਕਿਸਾਨ ਨੇ ਭਰੇ ਮਨ ਨਾਲ ਦੱਸਿਆ ਕਿ ਇੱਥੋਂ 15 ਕਿਲੋਮੀਟਰ ਦੂਰੋਂ ਜਦ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ, ਉਦੋਂ ਤੱਕ ਉਸਦੀ 13 ਏਕੜ ਕਣਕ ਤੇ 18 ਏਕੜ ਨਾਲ ਸੜ ਕੇ ਸੁਆਹ ਹੋ ਗਿਆ ਸੀ। ਜੇਕਰ ਸਮੇਂ ਸਿਰ ਫਾਇਰ ਬ੍ਰਿਗੇਡ ਦੀ ਗੱਡੀ ਪੁੱਜ ਜਾਂਦੀ ਤਾਂ ਉਸਦਾ ਨੁਕਸਾਨ ਤੋਂ ਕਾਫ਼ੀ ਬਚਾਅ ਹੋ ਸਕਦਾ ਸੀ। ਕਿਸਾਨ ਸੁਖਬੀਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਅੱਗ ਲੱਗਣ ਕਾਰਨ ਉਸਦਾ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਇਸ ਦੌਰਾਨ ਇਕੱਤਰ ਕਿਸਾਨਾਂ ਨੇ ਦੱਸਿਆ ਕਿ ਬਰੀਵਾਲਾ ਅਧੀਨ ਕਰੀਬ 28 ਪਿੰਡ ਆਉਂਦੇ ਹਨ ਪਰ ਇੱਥੇ ਸਰਕਾਰ ਵੱਲੋਂ ਪੱਕੇ ਤੌਰ ’ਤੇ ਫਾਇਰ ਬ੍ਰਿਗੇਡ ਦੀ ਕੋਈ ਵੀ ਸਹੂਲਤ ਨਹੀਂ ਦਿੱਤੀ ਹੈ। ਲੋਕਾਂ ਨੇ ਮੰਗ ਕੀਤੀ ਕਿ ਇੱਥੇ ਪੱਕੇ ਤੌਰ ’ਤੇ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕੀਤਾ ਜਾਵੇ।