ਪੁਲਸ ਨੇ ਜਾਂਚ ਕੀਤੀ ਸ਼ੁਰੂ
ਦੋਰਾਹਾ ਦੇ ਆਬਾਦੀ ਵਾਲੇ ਇਲਾਕੇ ਵਿਚ ਖਾਲੀ ਪਲਾਟ ਵਿਚ ਇਕ ਵਿਅਕਤੀ ਨੇ ਬੰਬ ਵਰਗੀ ਚੀਜ਼ ਦੇਖੀ, ਜਿਸ ਨਾਲ ਹੰਗਾਮਾ ਮੱਚ ਗਿਆ। ਇਸ ਸਬੰਧੀ ਸੂਚਨਾ ਮਿਲਣ ‘ਤੇ ਦੋਰਾਹਾ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਟੇਸ਼ਨ ਹਾਊਸ ਅਫਸਰ ਰਾਓ ਵਰਿੰਦਰ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਸ਼ਾਮ ਨੂੰ ਗੁਰੂ ਤੇਗ ਬਹਾਦਰ ਰੋਡ ‘ਤੇ ਇਕ ਰਾਹਗੀਰ, ਜੋ ਪਿਸ਼ਾਬ ਕਰਨ ਲਈ ਇਕ ਖਾਲੀ ਪਲਾਟ ਵਿਚ ਗਿਆ ਸੀ, ਨੇ ਇਸ ਬੰਬ ਵਰਗੀ ਚੀਜ਼ ਨੂੰ ਦੇਖਿਆ। ਉਸਨੇ ਤੁਰੰਤ ਨੇੜਲੇ ਘਰਾਂ ਅਤੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਅਤੇ ਦੋਰਾਹਾ ਪੁਲਿਸ ਨੂੰ ਵੀ ਘਟਨਾ ਬਾਰੇ ਸੂਚਿਤ ਦਿੱਤੀ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਵਸਤੂ ਜੰਗੀ ਜਹਾਜ਼ ਤੋਂ ਚਲਾਈ ਗਈ ਤੋਪ ਦੇ ਗੋਲੇ ਵਰਗੀ ਲੱਗਦੀ ਹੈ। ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸਨੂੰ ਮਿੱਟੀ ਦੀਆਂ ਬੋਰੀਆਂ ਨਾਲ ਢੱਕ ਦਿੱਤਾ ਗਿਆ ਹੈ ਅਤੇ ਮੌਕੇ ‘ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਐਸ. ਐਚ. ਓ. ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਪੀ. ਏ. ਪੀ. ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ ਹੈ, ਜੋ ਇਸ ਸ਼ੱਕੀ ਵਸਤੂ ਨੂੰ ਨਸ਼ਟ ਕਰ ਦੇਵੇਗਾ। ਪੁਲਿਸ ਨੇ ਇਹ ਵੀ ਕਿਹਾ ਕਿ ਦੋਰਾਹਾ ਵਿੱਚ ਇੱਕ ਫੌਜੀ ਕੈਂਪ ਹੈ ਜਿੱਥੇ ਫੌਜੀ ਜਵਾਨ ਸਿਖਲਾਈ ਲੈਂਦੇ ਹਨ ਅਤੇ ਇਹ ਵੀ ਉਨ੍ਹਾਂ ਦੇ ਵਾਹਨਾਂ ਦਾ ਹਿੱਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਸਤੂ ਬੰਬ ਹੈ ਜਾਂ ਕੁਝ ਹੋਰ।
ਐਸ. ਐਚ. ਓ. ਰਾਓ ਵਰਿੰਦਰ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਅਣਜਾਣ ਵਸਤੂ ਨੂੰ ਨਾ ਛੂਹਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਅਜੇ ਵੀ ਜਾਰੀ ਹੈ ਅਤੇ ਬੰਬ ਨਿਰੋਧਕ ਦਸਤੇ ਦੀ ਕਾਰਵਾਈ ਤੋਂ ਬਾਅਦ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਬੰਬ ਵਰਗੀ ਵਸਤੂ ਦੀ ਖੋਜ ਨਾਲ ਦੋਰਾਹਾ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਸਰਹਿੰਦ ਨਹਿਰ ਵਿਚੋਂ ਪਹਿਲਾਂ ਵੀ ਬੰਬ ਅਤੇ ਗੋਲਾ ਬਾਰੂਦ ਦੇ ਭੰਡਾਰ ਮਿਲੇ
ਦੋਰਾਹਾ ਵਿਚ ਬੰਬ ਵਰਗੀ ਵਸਤੂ ਮਿਲਣ ਦੇ ਮਾਮਲੇ ਨੇ ਇਕ ਵਾਰ ਫਿਰ ਸੁਰੱਖਿਆ ਚਿੰਤਾਵਾਂ ਵਧਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਦੋਰਾਹਾ ਵਿੱਚੋਂ ਲੰਘਦੀ ਸਰਹਿੰਦ ਨਹਿਰ ਤੋਂ ਕਈ ਵਾਰ 3 ਨਾਟ 3 ਐਸ. ਐਲ. ਆਰ. ਰਾਈਫਲਾਂ ਦੇ ਬੰਬ ਅਤੇ ਕਾਰਤੂਸਾਂ ਦੇ ਵੱਡੇ ਜ਼ਖ਼ੀਰੇ ਬਰਾਮਦ ਕੀਤੇ ਸਨ।
