ਫਰੀਦਕੋਟ – ਜੁਡੀਸ਼ੀਅਲ ਮੈਜਿਸਟਰੇਟ ਸ਼ੇਰਗਿੱਲ ਸੋਹੀ ਦੀ ਅਦਾਲਤ ਨੇ ਕੋਟਕਪੂਰੇ ਦੇ ਇਕ ਕੱਪੜਾ ਵਪਾਰੀ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਹੈ। ਜਦਕਿ ਉਸ ਦਾ ਸਾਥੀ ਗੋਲਡੀ ਬਰਾੜ ਇਸ ਕੇਸ ’ਚ ਅਜੇ ਵੀ ਭਗੌੜਾ ਐਲਾਨਿਆ ਹੋਇਆ ਹੈ।
ਉਕਤ ਦੋਵਾਂ ਖਿਲਾਫ 19 ਜੁਲਾਈ 2021 ’ਚ ਕੱਪੜਾ ਵਪਾਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੋਲਡੀ ਬਰਾੜ ਨੇ ਵਟਸਅੈਪ ਕਾਲ ਕਰ ਕੇ ਉਸ ਤੋਂ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।
ਫਿਰੌਤੀ ਨਾ ਦੇਣ ਦੀ ਸੂਰਤ ਵਿਚ ਕੱਪੜਾ ਵਪਾਰੀ ਨੂੰ ਪਰਿਵਾਰ ਸਮੇਤ ਖਤਮ ਕਰਨ ਦੀ ਧਮਕੀ ਦਿੱਤੀ ਗਈ ਸੀ, ਹਾਲਾਂਕਿ ਅਦਾਲਤ ਨੂੰ ਇਸ ਕੇਸ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸ਼ਮੂਲੀਅਤ ਦੇ ਸਬੂਤ ਨਹੀਂ ਮਿਲੇ। ਇਸ ਲਈ ਉਕਤ ਮਾਮਲੇ ’ਚ ਲਾਰੈਂਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਉਕਤ ਕੇਸ ਦਰਜ ਹੋਣ ਤੋਂ ਬਾਅਦ 10 ਅਗਸਤ 2022 ਨੂੰ ਗੈਂਗਸਟਰ ਲਾਰੈਂਸ ਨੂੰ ਉਕਤ ਕੇਸ ’ਚ ਗ੍ਰਿਫਤਾਰ ਕੀਤਾ ਗਿਆ ਸੀ ।