ਤਿੰਨ ਦੀ ਮੌਤ, ਕਈ ਲੋਕਾਂ ਨੂੰ ਹਸਪਤਾਲ ’ਚ ਕਰਵਾਇਆ ਦਾਖ਼ਲ
ਰਾਜਸਥਾਨ ਦੇ ਬੇਵਰ ਜ਼ਿਲ੍ਹੇ ’ਚ ਇਕ ਕੈਮੀਕਲ ਫ਼ੈਕਟਰੀ ’ਚ ਖੜ੍ਹੇ ਟੈਂਕਰ ’ਚੋਂ ਨਾਈਟ੍ਰੋਜਨ ਗੈਸ ਲੀਕ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਜ਼ਿਲ੍ਹਾ ਪੁਲਿਸ ਸੁਪਰਡੈਂਟ ਸ਼ਿਆਮ ਸਿੰਘ ਨੇ ਦੱਸਿਆ ਕਿ ਗੈਸ ਲੀਕ ਹੋਣ ਦੀ ਘਟਨਾ ਦੇਰ ਰਾਤ ਬਾਰੀਆ ਇਲਾਕੇ ’ਚ ਸਥਿਤ ਇਕ ਫ਼ੈਕਟਰੀ ਵਿਚ ਵਾਪਰੀ, ਜਿਸ ਕਾਰਨ ਆਸ ਪਾਸ ਦੇ ਕਈ ਲੋਕ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਉਣਾ ਪਿਆ। ਫ਼ੈਕਟਰੀ ਮਾਲਕ ਸੁਨੀਲ ਸਿੰਘਲ (47) ਦੀ ਰਾਤ ਨੂੰ ਮੌਤ ਹੋ ਗਈ, ਜਦੋਂ ਕਿ ਦਯਾਰਾਮ (52) ਅਤੇ ਨਰਿੰਦਰ ਸੋਲੰਕੀ ਦੀ ਅੱਜ ਮੌਤ ਹੋ ਗਈ।
ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਉਲਟੀਆਂ, ਛਾਤੀ ’ਚ ਭਾਰੀਪਨ ਅਤੇ ਸਾਹ ਲੈਣ ’ਚ ਮੁਸ਼ਕਲ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦੋ ਲੋਕਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਦਾ ਅਜਮੇਰ ਦੇ ਜੇ. ਐੱਲ. ਐੱਨ. ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਅਧਿਕਾਰੀ ਨੇ ਕਿਹਾ ਕਿ ਫ਼ੈਕਟਰੀ ਦੇ ਆਲੇ-ਦੁਆਲੇ ਦਾ ਇਲਾਕਾ ਖ਼ਾਲੀ ਕਰਵਾ ਲਿਆ ਗਿਆ ਹੈ। ਇਹ ਫ਼ੈਕਟਰੀ ਇਕ ਰਿਹਾਇਸ਼ੀ ਇਲਾਕੇ ’ਚ ਚੱਲ ਰਹੀ ਸੀ। ਜ਼ਿਲ੍ਹਾ ਕੁਲੈਕਟਰ ਨੇ ਨਗਰ ਕੌਂਸਲ, ਮਾਲ ਵਿਭਾਗ ਅਤੇ ਪੁਲਿਸ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਜੋ ਬਿਨਾਂ ਇਜਾਜ਼ਤ ਚੱਲ ਰਹੀਆਂ ਫ਼ੈਕਟਰੀਆਂ ਦਾ ਸਰਵੇਖਣ ਕਰੇਗੀ।

