ਕੈਬਨਿਟ ਮੰਤਰੀ ਗੋਇਲ ਵੱਲੋਂ ਤੀਜੀ ‘ਪਹਿਲ ਹੌਜਰੀ’ ਦਾ ਉਦਘਾਟਨ

ਮੂਨਕ :-ਪੰਜਾਬ ਦੇ ਕੈਬਨਿਟ ਮੰਤਰੀ ਐਡਵੋਕੇਟ ਵਰਿੰਦਰ ਕੁਮਾਰ ਗੋਇਲ ਨੇ ਅੱਜ ਮੂਨਕ ਸਬ ਡਵੀਜ਼ਨ ਦੇ ਪਿੰਡ ਹਮੀਰਗੜ੍ਹ ਵਿਖੇ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਸਥਾਪਿਤ ਕੀਤੀ ਗਈ ਪਹਿਲ ਹੌਜਰੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਿੰਡਾਂ ’ਚ ਔਰਤਾਂ ਦਾ ਵਿੱਤੀ ਪੱਧਰ ਉੱਚਾ ਚੁੱਕਣ ਲਈ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਚਲਾਏ ਜਾ ਰਹੇ ਸਵੈ-ਸਹਾਇਤਾ ਸਮੂਹ ਲੋੜਵੰਦ ਪਰਿਵਾਰਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ।

ਗੋਇਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੰਗਰੂਰ ਜ਼ਿਲੇ ’ਚ ਦੋ ਪਹਿਲ ਹੌਜਰੀਆਂ ਸਫਲਤਾਪੂਰਵਕ ਚੱਲ ਰਹੀਆਂ ਹਨ ਅਤੇ ਇਹ ਤੀਜੀ ਹੌਜਰੀ ਵੀ ਲੱਗਭਗ 400 ਪੇਂਡੂ ਔਰਤਾਂ ਨੂੰ ਸਵੈ-ਰੋਜ਼ਗਾਰ ਦੇ ਸਮਰੱਥ ਬਣਾਉਣ ’ਚ ਸਫਲ ਸਾਬਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਹੌਜਰੀ ਰਾਹੀਂ ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਦੀਆਂ ਵਰਦੀਆਂ ਤਿਆਰ ਕਰਵਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਮਹਿਲਾਵਾਂ ਸਿਲਾਈ, ਕਢਾਈ ਦੇ ਖੇਤਰ ’ਚ ਚੰਗੀ ਮੁਹਾਰਤ ਰੱਖਦੀਆਂ ਹਨ ਅਤੇ ਜਦੋਂ ਉਹ ਆਪਣੇ ਘਰਾਂ ’ਚ ਰਹਿੰਦੇ ਹੋਏ ਹੀ ਇਸ ਹੌਜਰੀ ਲਈ ਸਿਲਾਈ ਸੇਵਾਵਾਂ ਪ੍ਰਦਾਨ ਕਰਦੇ ਹੋਏ ਵਿੱਤੀ ਲਾਭ ਹਾਸਲ ਕਰਨਗੀਆਂ ਤਾਂ ਇਨ੍ਹਾਂ ਔਰਤਾਂ ਦਾ ਮਨੋਬਲ ਵਧੇਗਾ ਤੇ ਆਪਣੀ ਜ਼ਿੰਮੇਵਾਰੀ ਨੂੰ ਹੋਰ ਵੀ ਤਨਦੇਹੀ ਨਾਲ ਨਿਭਾਉਣਗੀਆਂ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ‘ਪਹਿਲ ਹੌਜਰੀ’ ਨੂੰ ਲੋੜੀਂਦੀ ਮਸ਼ੀਨਰੀ ਪ੍ਰਸ਼ਾਸਨਿਕ ਸਹਿਯੋਗ ਨਾਲ ਮੁਹੱਈਆ ਕਰਵਾਈ ਗਈ ਹੈ ਅਤੇ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਅਜਿਹੇ ਹੋਰ ਯਤਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।

Leave a Reply

Your email address will not be published. Required fields are marked *