ਦਾਦੇ ਨਾਲ ਸਕੂਲੋਂ ਆ ਘਰ ਵਰਤ ਰਹੀ ਬੱਚੀ
ਡੇਰਾਬੱਸੀ ’ਚ ਟੀ. ਵੀ. ਐੱਸ. ਏਜੰਸੀ ਨੇੜੇ ਸਰਵਿਸ ਰੋਡ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ ਆਪਣੇ ਦਾਦੇ ਨਾਲ ਸਕੂਲ ਤੋਂ ਸਕੂਟਰੀ ’ਤੇ ਘਰ ਪਰਤ ਰਹੀ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਿਸ ਨੇ ਕੈਂਟਰ ਨੂੰ ਕਬਜ਼ੇ ’ਚ ਲੈ ਕੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਆਰਾਧਿਆ ਬਲੂ ਬੇਰੀ ਸਕੂਲ ’ਚ ਐੱਲ. ਕੇ. ਜੀ. ’ਚ ਪੜ੍ਹਦੀ ਸੀ। ਉਸ ਦੇ ਦਾਦਾ ਉਪੇਸ਼ ਬਾਂਸਲ ਐੱਸ. ਬੀ. ਆਈ. ਬੈਂਕ ਤੋਂ ਸੇਵਾਮੁਕਤ ਸੀਨੀਅਰ ਮੈਨੇਜਰ ਹਨ। ਹਰ ਰੋਜ਼ ਦੀ ਤਰ੍ਹਾਂ ਉਹ ਸਕੂਟਰੀ ’ਤੇ ਸਰਸਵਤੀ ਵਿਹਾਰ ਸਥਿਤ ਸਕੂਲ ਤੋਂ ਘਰ ਪਰਤ ਰਿਹਾ ਸੀ, ਜਿਥੇ ਪਿੱਛੇ ਤੋਂ ਆ ਰਹੇ ਕੈਂਟਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਸਕੂਟਰ ’ਤੇ ਅੱਗੇ ਖੜ੍ਹੀ ਆਰਾਧਿਆ ਟੱਕਰ ਕਾਰਨ ਹੇਠਾਂ ਡਿੱਗ ਗਈ, ਜਿਸ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ, ਜਦਕਿ ਉਸ ਦੇ ਦਾਦੇ ਨੂੰ ਮਾਮੂਲੀ ਸੱਟਾਂ ਲੱਗੀਆਂ।ਜ਼ਖ਼ਮੀ ਪੋਤੀ ਨੂੰ ਗੋਦੀ ’ਚ ਲੈ ਕੇ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
