15 ਬੈਰਕਾਂ ’ਚ 1491 ਬੰਦੀਆਂ ਦੀ ਕੀਤੀ ਅਚਨਚੇਤ ਚੈਕਿੰਗ
ਗੁਰਦਾਸਪੁਰ :- ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਰਵਾਈ ਕਰਦਿਆਂ ਗੁਰਦਾਸਪੁਰ ਪੁਲਸ ਵੱਲੋਂ ਅੱਜ ਸਵੇਰੇ ਕੇਂਦਰੀ ਜੇਲ ਗੁਰਦਾਸਪੁਰ ਵਿਖੇ ਵੱਡਾ ਐਕਸ਼ਨ ਕੀਤਾ ਗਿਆ ਹੈ, ਜਿਸ ਤਹਿਤ ਅੱਜ ਉਚੇਚੇ ਤੌਰ ’ਤੇ ਗੁਰਦਾਸਪੁਰ ਪਹੁੰਚੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਐੱਸ. ਐੱਸ. ਪੀ. ਗੁਰਦਾਸਪੁਰ ਆਦਿੱਤਿਆ ਦੀ ਦੇਖ-ਰੇਖ ਸਰਚ ਅਾਪ੍ਰੇਸ਼ਨ ਕੀਤਾ ਗਿਆ।
ਐੱਸ. ਐੱਸ. ਪੀ. ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਸਰਚ ਅਾਪ੍ਰੇਸ਼ਨ ਦੌਰਾਨ ਜੇਲ ’ਚ ਕੁੱਲ 15 ਬੈਰਕਾਂ ਦੀ ਚੈਕਿੰਗ ਕੀਤੀ ਗਈ, ਜਿਸ ’ਚ 14 ਬੈਰਕਾਂ ਮਰਦਾਂ ਦੀਆਂ ਅਤੇ 1 ਬੈਰਕ ਮਹਿਲਾ ਬੰਦੀਆਂ ਦੀ ਸੀ। ਇਸ ਤੋਂ ਇਲਾਵਾ ਜੇਲ ਵਿਚ ਸਥਿਤ ਹਸਪਤਾਲ, ਫੈਕਟਰੀ ਅਤੇ ਚੱਕੀ ਦੀ ਵੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਅਾਪ੍ਰੇਸ਼ਨ ਦੌਰਾਨ ਜੇਲ ਵਿਚ ਬੰਦ 1491 ਬੰਦੀਆਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ।
ਐੱਸ. ਐੱਸ. ਪੀ. ਗੁਰਦਾਸਪੁਰ ਨੇ ਦੱਸਿਆ ਕਿ ਇਸ ਸਰਚ ਅਪ੍ਰੇਸ਼ਨ ਦੌਰਾਨ ਉਨ੍ਹਾਂ ਸਮੇਤ 1 ਐੱਸ. ਪੀ., 6 ਡੀ. ਐੱਸ. ਪੀ., 6 ਐੱਸ. ਐੱਚ. ਓ., ਸੀ. ਆਈ. ਏ. ਦੇ ਇੰਚਾਰਜ ਅਤੇ 200 ਪੁਲਸ ਕਰਮੀ ਮੌਜੂਦ ਸਨ। ਇਸ ਤੋਂ ਇਲਾਵਾ ਚੈਕਿੰਗ ਦੌਰਾਨ ਜੇਲ ਸੁਪਰਡੈਂਟ ਅਤੇ ਜੇਲ ਸਟਾਫ ਵੀ ਮੌਜੂਦ ਸੀ।
ਇਸ ਚੈਕਿੰਗ ਦੌਰਾਨ ਬੈਰਕਾਂ ’ਚੋਂ ਛੋਟੇ ਨੋਕੀਲੇ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਜੇਲ ’ਚੋਂ ਨਸ਼ੀਲੇ ਪਦਾਰਥ ਜਾਂ ਮੋਬਾਈਲ ਫੋਨ ਬਰਾਮਦ ਨਹੀਂ ਹੋਏ ਹਨ।
ਉਨ੍ਹਾਂ ਕਿਹਾ ਕਿ ਇਹ ਸਰਚ ਅਪ੍ਰੇਸ਼ਨ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕੀਤਾ ਗਿਆ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਅਪ੍ਰੇਸ਼ਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲਾ ਪੁਲਸ ਗੁਰਦਾਸਪੁਰ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ।
