ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ 74ਵੇਂ ਦਿਨ ‘ਚ ਦਾਖਲ
ਪਟਿਆਲਾ :- ਸ਼ੰਭੂ ਅਤੇ ਖਨੌਰੀ ਬਾਰਡਰ ਅਤੇ ਰਤਨਪੁਰਾ ਰਾਜਸਥਾਨ ਬਾਰਡਰਾਂ ਤੇ ਸੰਘਰਸ਼ ਜਿਥੇ ਪਿਛਲੇ ਲੰਬੇ ਸਮੇ ਤੋਂ ਜਾਰੀ ਹੈ, ਉੱਥੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਬਜ਼ਟ ਤੇ ਚਰਚਾ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਿਸਾਨ ਮੋਬਾਇਲ ਰਾਹੀਂ ਘਰੋਂ ਫਸਲ ਦੀ ਫੋਟੋ ਖਿੱਚ ਕੇ ਐਪ ‘ਤੇ ਪਾ ਕੇ ਫ਼ਸਲ ਦਾ ਵਧੀਆ ਰੇਟ ਵੱਧ ਲੱਗ ਜਾਵੇਗਾ। ਉਹਨਾਂ ਦਾ ਇਹ ਇਸ਼ਾਰਾ ਪ੍ਰਾਈਵੇਟ ਮੰਡੀ ਵੱਲ ਹੀ ਹੈ, ਜਿਸਨੂੰ ਲੈ ਕੇ ਕਿਸਾਨਾਂ ਨੇ ਇਸ ਬਿਆਨ ਦੀ ਨਿਖੇਧੀ ਕਰਦਿਆ ਨਾਅਰੇਬਾਜੀ ਕੀਤੀ।
ਉਹਨਾਂ ਕਿਹਾ ਕਿ ਐਮ. ਐਸ. ਪੀ. ਲੀਗਲ ਗਰੰਟੀ ਕਾਨੂੰਨ ਦੀ ਮੰਗ ਇਸੇ ਕਾਰਨ ਕੀਤੀ ਜਾ ਰਹੀ ਹੈ ਕਿ ਸਰਕਾਰ ਕਿਸਾਨਾਂ ਨੂੰ ਵਰਗਲਾ ਕੇ ਖੁਦ ਜਿੰਮੇਵਾਰੀ ਤੋਂ ਭੱਜਣਾ ਚਾਹੁੰਦੀ ਹੈ ਅਤੇ ਕਿਸਾਨਾਂ ਨੂੰ ਮਾਰਕੀਟ ਦੇ ਆਸਰੇ ਛੱਡ ਦੇਣਾ ਚਾਹੁੰਦੀ ਹੈ, ਸੋ ਇਸ ਕਰਕੇ ਉਹਨਾਂ ਦਾ ਹਰ ਬਿਆਨ ਪ੍ਰਾਈਵੇਟ ਮੰਡੀ ਨੂੰ ਵਡਿਆਉਣ ਵਾਲਾ ਆ ਰਿਹਾ ਹੈ। ਉਹਨਾਂ ਕਿਹਾ ਕਿ ਸਬਜ਼ੀਆਂ, ਫਲ, ਦਾਲਾਂ, ਤੇਲ ਬੀਜ਼ ਵਰਗੀਆਂ ਬਹੁਤ ਸਾਰੀਆਂ ਹੋਰ ਫਸਲਾਂ ਜ਼ੋ ਪ੍ਰਾਈਵੇਟ ਖੇਤਰ ਤੇ ਹੀ ਵਿਕ ਰਹੀਆਂ ਹਨ, ਉਹਨਾਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਵੀ ਬਾਰੇ ਹਾਲਾਤਾਂ ਵਿੱਚ ਹਨ ਅਤੇ ਕਰਜ਼ੇ ਦੀ ਮਾਰ ਹੇਠ ਹਨ।
ਉਨਾਂ ਅਮਰੀਕਾ ਵੱਲੋਂ ਡੀਪੋਟਰ ਕੀਤੇ ਨੌਜਵਾਨਾਂ ਬਾਰੇ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਨੇ ਵਿਦੇਸ਼ਾਂ ਨੂੰ ਹਿਜਰਤ ਕੀਤੀ ਅਤੇ ਉਥੋਂ ਹੁਣ ਕੈਦੀਆਂ ਵਾਂਗ ਨੌਜਵਾਨ ਕੁੜੀਆਂ ਨੂੰ ਵੀ ਬੇੜੀਆਂ ਪਾ ਕੇ ਏਧਰ ਭੇਜਿਆ ਗਿਆ ਹੈ, ਜਿਸ ਤੇ ਨਾ ਕੌਮਾਂਤਰੀ ਮਾਨਵ ਅਧਿਕਾਰ ਕਮਿਸ਼ਨ ਨੇ ਅਮਰੀਕਾ ਤੋਂ ਜਵਾਬ ਤਲਬੀ ਕੀਤੀ ਹੈ ਅਤੇ ਨਾ ਭਾਰਤ ਸਰਕਾਰ ਆਪਣੀ ਸਥਿਤੀ ਸਪੱਸ਼ਟ ਕਰ ਰਹੀ ਹੈ।
ਉਹਨਾਂ ਕਿਹਾ ਕਿ ਦੇਸ਼ ਵਿੱਚ ਖੇਤੀ ਸੈਕਟਰ, ਕਾਰੋਬਾਰ, ਰੁਜ਼ਗਾਰ ਪੂਰੀ ਤਰ੍ਹਾਂ ਫੇਲ ਹੋ ਰਹੇ ਹਨ ਅਤੇ ਲੋਕਾਂ ਚ ਨਿਰਾਸ਼ਤਾ ਲਈ ਸਾਡੀਆਂ ਸਰਕਾਰਾ ਜਿੰਮੇਵਾਰ ਹਨ।
ਉਹਨਾਂ ਕਿਹਾ ਕਿ ਮੋਰਚੇ ਵਿੱਚ ਕਿਸਾਨਾਂ ਮਜਦੂਰਾਂ ਦੀ ਭਰਵੀਂ ਸ਼ਮੂਲੀਅਤ ਦੇਖ ਕੇ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਲੋਕ ਆਪਣੇ ਹੱਕ ਲਏ ਬਗੈਰ ਮੁੜਨ ਵਾਲੇ ਨਹੀਂ ਹਨ। ਇਸ ਮੌਕੇ ਜਰਮਨਜੀਤ ਸਿੰਘ ਬੰਡਾਲਾ, ਬਾਜ਼ ਸਿੰਘ ਸਾਰੰਗੜਾ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਕੰਵਰ ਦਲੀਪ ਸੈਦੋ ਲੇਹਲ, ਯੁਗਰਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਸ਼ੰਭੂ ਮੋਰਚੇ ਤੇ ਹਾਜ਼ਿਰ ਰਹੇ ।
ਮਹਾਂਪੰਚਾਇਤਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ
ਖਨੌਰੀ : ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ 26 ਨਵੰਬਰ 2024 ਤੋਂ ਮਰਨ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 74ਵੇਂ ਦਿਨ ਵੀ ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਜਾਰੀ ਰਿਹਾ। ਕਿਸਾਨ ਆਗੂਆਂ ਕਿਹਾ ਕਿ 11, 12 ਅਤੇ 13 ਫਰਵਰੀ ਨੂੰ ਰਤਨਾਪੁਰਾ, ਦਾਤਾ ਸਿੰਘ ਵਾਲਾ-ਖਨੌਰੀ ਅਤੇ ਸ਼ੰਭੂ ਮੋਰਚੇ ਉੱਪਰ ਹੋਣ ਵਾਲੀਆਂ ਮਹਾਂਪੰਚਾਇਤਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। 11 ਫਰਵਰੀ ਨੂੰ ਰਤਨਾਪੁਰਾ ਮੋਰਚੇ ਉੱਪਰ ਕਰਵਾਈ ਜਾ ਰਹੀ ਮਹਾਂ ਪੰਚਾਇਤ ਦੀ ਤਿਆਰੀ ਲਈ ਕਿਸਾਨ ਆਗੂਆਂ ਦੀ ਟੀਮ ਵੱਲੋ ਪਿੰਡ ਪੀਰ ਕਾਂਵੜੀਆਂ, ਸੂਰੇਵਾਲਾ, ਨਾਈਵਾਲਾ, ਕੁਲਚੰਦਰ, ਸਹਾਰਨੀ, ਖਾਰਾਖੇੜਾ, ਗੁੜੀਆ, ਤੰਦੂਰਵਾਲੀ, ਬਸ਼ੀਰ, ਸਾਬੂਆਣਾ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ 13 ਫਰਵਰੀ ਨੂੰ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ ਜਿਸ ਦੌਰਾਨ ਭਰਵੀਂ ਸਰਦੀ ਤੋਂ ਲੈ ਕੇ ਭਰਮੀ ਗਰਮੀ ਅਤੇ ਫਿਰ ਤੋਂ ਕੜਕਦੀ ਸਰਦੀ ਦੀ ਮਾਰ ਝੱਲਦੇ ਹੋਏ ਦੇਸ਼ ਦੇ ਕਿਸਾਨ ਮਜ਼ਦੂਰ ਵੱਖ-ਵੱਖ ਮੋਰਚਿਆਂ ਤੇ ਡਟੇ ਹੋਏ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਭੁਲੇਖਾ ਦੂਰ ਕਰ ਲਵੇ ਕਿ ਲੰਬਾ ਚੱਲਣ ਕਾਰਨ ਇਹ ਅੰਦੋਲਨ ਮੱਠਾ ਪਵੇਗਾ ਜਾਂ ਲੋਕਾਂ ਵਿੱਚੋਂ ਉਤਸ਼ਾਹ ਦੀ ਘਾਟ ਦਿਖੇਗੀ ਜਿਵੇਂ ਜਿਵੇਂ ਅੰਦੋਲਨ ਅੱਗੇ ਵੱਧ ਰਿਹਾ ਹੈ ਤਿਵੇਂ ਤਿਵੇਂ ਹੋਰ ਲੋਕਾਂ ਨੂੰ ਜਾਗਰਿਤ ਕਰ ਰਿਹਾ ਹੈ ਅਤੇ ਲਗਾਤਾਰ ਵਿਸਤਾਰ ਲੈ ਰਿਹਾ ਹੈ ਅਤੇ 13 ਫਰਵਰੀ ਨੂੰ ਮੋਰਚੇ ਤੇ ਵਿਸ਼ਾਲ ਇੱਕਠ ਕੀਤੇ ਜਾਣਗੇ।