ਨਦੀ ’ਚ ਡਿੱਗਿਆ ਪੁਲ ਤੋਂ ਲੰਘ ਰਿਹਾ ਟਰੱਕ, ਡਰਾਈਵਰ ਜ਼ਖ਼ਮੀ
ਹਿਮਾਚਲ ਪ੍ਰਦੇਸ਼ ਦੇ ਮੰਡੀ ਨੂੰ ਕੁੱਲੂ ਜ਼ਿਲ੍ਹੇ ਨਾਲ ਜੋੜਨ ਵਾਲਾ ਇਕ ਪੁਲ ਸ਼ਨੀਵਾਰ ਤੜਕੇ ਢਹਿ ਜਾਣ ਕਾਰਨ ਰਾਸ਼ਟਰੀ ਰਾਜਮਾਰਗ-305 ’ਤੇ ਆਵਾਜਾਈ ਪ੍ਰਭਾਵਿਤ ਹੋ ਗਈ। ਅਧਿਕਾਰੀਆਂ ਅਨੁਸਾਰ ਇਹ ਘਟਨਾ ਕੁੱਲੂ ਜ਼ਿਲ੍ਹੇ ਦੇ ਬੰਜਾਰ ’ਚ ਵਾਪਰੀ ਜਦੋਂ ਇਕ ਪੁਲ ਅਚਾਨਕ ਢਹਿ ਗਿਆ। ਇਹ ਪੁਲ 1980 ਵਿਚ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹਾਦਸੇ ਸਮੇਂ ਪੁਲ ਤੋਂ ਲੰਘ ਰਿਹਾ ਇੱਕ ਟਰੱਕ ਨਦੀ ਵਿੱਚ ਡਿੱਗ ਗਿਆ, ਜਿਸ ਕਾਰਨ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ।
ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਈ, ਜਿਸ ਤੋਂ ਬਾਅਦ ਜ਼ਖ਼ਮੀ ਡਰਾਈਵਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਕੁੱਲੂ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਟੋਰੂਲ ਐਸ ਰਵਨੀਸ਼ ਨੇ ਕਿਹਾ ਕਿ ਮੌਕੇ ’ਤੇ ਮਸ਼ੀਨਰੀ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਪੁਨਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਦਲਵੇਂ ਰਸਤਿਆਂ ਦੀ ਪਛਾਣ ਕਰਨ ਅਤੇ ਹਲਕੇ ਵਾਹਨਾਂ ਦੀ ਆਵਾਜਾਈ ਨੂੰ ਜਲਦੀ ਹੀ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਰਵਨੀਸ਼ ਨੇ ਕਿਹਾ ਕਿ ਸਨਿਚਰਵਾਰ ਸਵੇਰ ਤੱਕ ਜਨਤਾ ਲਈ ਇੱਕ ਅਸਥਾਈ ਰਸਤਾ ਉਪਲਬਧ ਕਰਵਾ ਦਿੱਤਾ ਗਿਆ ਸੀ ਅਤੇ ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਦੇਣ ਲਈ ਆਵਾਜਾਈ ਨੂੰ ਪੰਡੋਹ ਰਾਹੀਂ ਮੋੜ ਦਿੱਤਾ ਗਿਆ ਸੀ। ਕੁੱਲੂ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਨੇ ਕਿਹਾ, ‘ਬੇਲੀ ਬ੍ਰਿਜ ਲਗਾਉਣ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।’