ਸਰੀਰ ’ਚ ਕਿਟੋਨ, ਯੂਰੀਕ ਐਸਿਡ ਵਧਣ ਕਾਰਨ ਹਾਲਤ ਬੇੱਹਦ ਗੰਭੀਰ
47ਵੇਂ ਦਿਨ ’ਚ ਪੁੱਜਾ ਮਰਨ ਵਰਤ ਵੀ ਜਾਰੀ
ਖਨੌਰੀ ਵਿਖੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 47ਵੇਂ ਦਿਨ ਵੀ ਜਾਰੀ ਹੈ, ਜਿਨ੍ਹਾਂ ਦੀਦੇ ਹਾਲਾਤ ਦਿਨ-ਬ-ਦਿਨ ਬੇਕਾਬੂ ਜਾਪ ਰਹੀ ਹੈ, ਉਨ੍ਹਾਂ ਦੇ ਸਰੀਰ ਵਿਚ ਕਿਟੋਨ ਅਤੇ ਯੂਰੀਕ ਐਸਿਡ ਦੇ ਵਧਣ ਕਾਰਨ ਉਨ੍ਹਾਂ ਦੀ ਹਾਲਤ ਬੇੱਹਦ ਗੰਭੀਰ ਹੋ ਗਈ ਹੈ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲੀਆ ਮੈਡੀਕਲ ਰਿਪੋਰਟ ਵਿਚ ਉਨ੍ਹਾਂ ਦਾ ਕਿਟੋਨ ਬਾਡੀ ਰਿਜ਼ਲਟ 6.53 ਹੈ, ਜੋ ਕਿ ਆਮ ਹਾਲਤਾਂ ਵਿਚ 0.02-0.27 ਦੇ ਵਿਚਕਾਰ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਯੂਰਿਕ ਐਸਿਡ 11.64 ਹੈ, ਜੋ ਆਮ ਹਾਲਤਾਂ ’ਚ 3.50-7.20 ਦੇ ਵਿਚਕਾਰ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਬਿਲੀਰੂਬਿਨ 0.69 ਹੈ ਜੋ ਆਮ ਹਾਲਤਾਂ ’ਚ ਵਿਚਕਾਰ 0.20 ਤੋਂ ਘੱਟ ਹੋਣਾ ਚਾਹੀਦਾ ਹੈ।
ਉਨ੍ਹਾਂ ਦਾ ਟੋਟਲ ਪ੍ਰੋਟੀਨ ਵੀ ਆਮ ਹਾਲਤਾਂ ਨਾਲੋਂ ਬਹੁਤ ਘੱਟ ਹੈ। ਜਗਜੀਤ ਸਿੰਘ ਡੱਲੇਵਾਲ ਦੇ ਸਰੀਰ ’ਚ ਸੋਡੀਅਮ, ਪੋਟਾਸ਼ੀਅਮ ਅਤੇ ਕਲੋਰਾਈਡ ਵੀ ਬਹੁਤ ਘੱਟ ਹੈ। ਲਿਵਰ ਅਤੇ ਕਿਡਨੀ ਪੈਨਲ, ਸੀਰਮ ਰਿਪੋਰਟ ਦਾ ਰਿਜਲਟ 1.67 ਹੈ ਜੋ ਆਮ ਹਾਲਤਾਂ ’ਚ 1.00 ਤੋਂ ਘੱਟ ਹੋਣਾ ਚਾਹੀਦਾ ਹੈ।
ਦੋਵੇਂ ਮੋਰਚਿਆਂ ਨੇ ਐੱਸ. ਕੇ. ਐੱਮ. ਨੂੰ ਖਨੌਰੀ ’ਚ ਮੀਟਿੰਗ ਕਰਨ ਲਈ ਲਿਖਿਆ ਪੱਤਰ
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਂਝੇ ਕਿਸਾਨ ਮੋਰਚੇ ਨੂੰ ਦੋਨਾਂ ਫੋਰਮਾਂ ਵੱਲੋਂ ਇਕ ਸਾਂਝੀ ਚਿੱਠੀ ਲਿਖੀ ਗਈ ਹੈ, ਜਿਸ ’ਚ ਕੱਲ੍ਹ ਖਨੌਰੀ ਕਿਸਾਨ ਮੋਰਚੇ ’ਚ ਆਏ ਹੋਏ ਸਾਰੇ ਸਤਿਕਾਰਯੋਗ ਕਿਸਾਨ ਆਗੂਆਂ ਦਾ ਧੰਨਵਾਦ ਕੀਤਾ ਗਿਆ, ਜੋ ਕੱਲ ਖਨੌਰੀ ਕਿਸਾਨ ਮੋਰਚੇ ਉੱਪਰ ਆਏ ਸਨ। ਉਨ੍ਹਾਂ ਸਾਰੇ ਕਿਸਾਨ ਨੇਤਾਵਾਂ ਤੋਂ ਇਹ ਉਮੀਦ ਵੀ ਕੀਤੀ ਗਈ ਹੈ ਕਿ ਉਹ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ ਬਣਾਉਣ ਲਈ ਸਹਿਯੋਗ ਦੇਣਗੇ।
ਇਸ ਚਿੱਠੀ ’ਚ ਲਿਖਿਆ ਕਿ ਪਿਛਲੇ 47 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਆਪ ਨੂੰ ਬੇਨਤੀ ਕੀਤੀ ਕਿ ਭਲਕੇ ਜਾਂ ਪਰਸੋਂ ਖਨੌਰੀ ਮੋਰਚੇ ਵਿਖੇ ਆਪਸੀ ਮੀਟਿੰਗ ਕੀਤੀ ਜਾਵੇ ਕਿਉਂਕਿ ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ ਇਕ-ਇਕ ਪਲ (ਘੜੀ) ਬਹੁਤ ਕੀਮਤੀ ਹੈ ਅਤੇ ਅਸੀਂ ਮੋਰਚਾ ਛੱਡ ਕੇ ਕਿਤੇ ਵੀ ਬਾਹਰ ਜਾਣ ਦੀ ਸਥਿਤੀ ’ਚ ਨਹੀਂ ਹਾਂ, ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰ ਕਰੋਗੇ।
ਪਾਣੀ ਦੀ ਕਮੀ ਕਾਰਨ ਡੱਲੇਵਾਲ ਦੇ ਸਰੀਰ ਵਿਚ ਵਧ-ਘੱਟ ਰਹੀ ਖੂਨ ਦੀ ਮਾਤਰਾ
ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਗੰਭੀਰ ਹੋ ਚੁੱਕੀ ਹੈ। ਉਨ੍ਹਾਂ ਵਿਚ ਪਾਣੀ ਲਗਾਤਾਰ ਖਤਮ ਹੋ ਰਿਹਾ ਹੈ, ਜਿਸ ਕਰਨ ਡੀਹਾਈਡਰੇਸ਼ਨ ਕਾਰਨ ਖੂਨ ਗਾੜਾ ਹੋ ਗਿਆ ਅਤੇ ਖੂਨ ਦੀ ਮਾਤਰਾ ਘੱਟ-ਵੱਧ ਰਹੀ ਹੈ। ਰਿਪੋਰਟਾਂ ਵਿਚ ਕਦੇ ਖੂਨ ਵਧ ਜਾਂਦਾ ਹੈ ਅਤੇ ਕਦੇ ਖੂਨ ਘੱਟ ਰਿਹਾ ਹੈ। ਇਸਨੂੰ ਲੈ ਕੇ ਡਾਕਟਰਾਂ ਦੀ ਟੀਮ ਬੇਹਦ ਚਿੰਤਿਤ ਹੈ।
ਜਗਜੀਤ ਸਿੰਘ ਡੱਲੇਵਾਲ ਦੀ 24 ਘੰਟੇ ਨਿਗਰਾਨੀ ਕਰ ਰਹੀ ਡਾ. ਸਵੇਮਾਨ ਦੀ ਕੋਰ ਟੀਮ ਦੇ ਮੈਂਬਰ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਹਾਲਾਤ ਇਹ ਹਨ ਕਿ ਡੱਲੇਵਾਲ ਸਾਹਿਬ ਦੀਆਂ ਪੁੜਪੜੀਆਂ ’ਚੋਂ ਮਾਸ ਅੰਦਰ ਚਲਾ ਗਿਆ ਹੈ ਤੇ ਬਲੱਡ ਸੈਂਪਲ ਵੀ ਨਹੀਂ ਲਏ ਜਾ ਰਹੇ। ਪਾਣੀ ਲਗਾਤਾਰ ਘੱਟ ਰਿਹਾ ਹੈ, ਆਰਗਨ ਸੁੰਗੜ ਰਹੇ ਹਨ ਤੇ ਹਰ ਸਮੇਂ ਇਹ ਖਤਰਾ ਬਣਿਆ ਰਹਿੰਦਾ ਹੈ ਕਿ ਕੋਈ ਭਾਣਾ ਨਾ ਵਾਪਰ ਜਾਵੇ।
ਖੂਨ ਦੇ ਸੈਂਪਲ ਵੀ ਨਹੀਂ ਲਏ ਜਾ ਸਕੇ
ਉਨ੍ਹਾਂ ਆਖਿਆ ਕਿ ਜਿਹੜੇ ਕੁਝ ਲੋਕ ਇਸ ਗੱਲ ਨੂੰ ਮੁੱਦਾ ਬਣਾ ਰਹੇ ਹਨ, ਉਹ ਬੇਹਦ ਗੈਰ-ਜ਼ਿੰਮੇਵਾਰ ਹਰਕਤਾਂ ਕਰ ਰਹੇ ਹਨ। ਉਨ੍ਹਾਂ ਅਜਿਹੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਕ ਵਾਰ ਆ ਕੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖਣ ਕਿ ਉਨ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹਨ।
ਉਨ੍ਹਾਂ ਆਖਿਆ ਕਿ ਅੱਜ ਟੈਸਟ ਕਰਵਾਉਣ ਲਈ ਖੂਨ ਦੇ ਸੈਂਪਲ ਵੀ ਨਹੀਂ ਲਏ ਜਾ ਸਕੇ ਹਨ। ਉਨ੍ਹਾਂ ਆਖਿਆ ਕਿ ਲੰਘੇ ਦਿਨ ਆਈਆਂ ਰਿਪੋਰਟਾਂ ਵਿਚ ਉਨ੍ਹਾਂ ਦਾ ਖੂਨ 13 ਗ੍ਰਾਮ ਦੇ ਲਗਭਗ ਸੀ ਪਰ ਇਹ ਖੂਨ ਪਾਣੀ ਦੀ ਮਾਤਰਾ ਬੇਹਦ ਘੱਟਣ ਕਾਰਨ ਵੱਧ ਦਿਖਾਈ ਦੇ ਰਿਹਾ ਹੈ। ਉਨ੍ਹਾਂ ਆਖਿਆ ਕਿ ਕੱਨ ਨੂੰ ਮੁੜ ਤੋਂ ਡੱਲੇਵਾਲ ਸਾਹਿਬ ਦੇ ਸੈਂਪਲ ਲੈ ਕੇ ਸਾਡੀ ਟੀਮ ਮੁੜ ਸਾਰੇ ਟੈਸਟ ਕਰਵਾਏਗੀ।

ਤੇਲੰਗਾਨਾ ’ਚ ਡੱਲੇਵਾਲ ਦੇ ਸਮਰਥਨ ’ਚ ਕਿਸਾਨਾਂ ਨੇ 12 ਘੰਟੇ ਦੀ ਕੀਤੀ ਭੁੱਖ ਹੜਤਾਲ
ਅੱਜ ਤੇਲੰਗਾਨਾ ਦੇ ਖਮਨ ਵਿਖੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ’ਚ ਕਿਸਾਨਾਂ ਨੇ 12 ਘੰਟੇ ਦੀ ਸੰਕੇਤਿਕ ਭੁੱਖ ਹੜਤਾਲ ਕੀਤੀ ਹੈ। ਕੱਲ੍ਹ ਹਰਿਆਣਾ ਦੇ ਹਿਸਾਰ ਤੋਂ ਕਿਸਾਨਾਂ ਦਾ ਇੱਕ ਵੱਡਾ ਜੱਥਾ ਜਗਜੀਤ ਸਿੰਘ ਡੱਲੇਵਾਲ ਜੀ ਦੇ ਸਮਰਥਨ ਵਿੱਚ ਖਨੌਰੀ ਕਿਸਾਨ ਮੋਰਚੇ ਉੱਪਰ ਪਹੁੰਚੇਗਾ