ਕਿਸਾਨ ਨੇਤਾ ਡੱਲੇਵਾਲ ਦਾ ਮਰਨ ਵਰਤ 104ਵੇਂ ਦਿਨ ’ਚ : ਦੋਵੇਂ ਫੋਰਮਾਂ ਦੇ ਨੇਤਾਵਾਂ ਨੇ ਕੀਤੀ ਮੀਟਿੰਗ

ਖਨੌਰੀ -: ਕੇਂਦਰ ਸਰਕਾਰ ਵੱਲੋਂ ਲਿਖਤ ’ਚ ਮੰਨੀਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 104ਵੇਂ ਦਿਨ ਵੀ ਜਾਰੀ ਰਿਹਾ।
ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਖਨੌਰੀ, ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਮੋਰਚਾ ਚੱਲਦਿਆਂ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅੱਜ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਦੀ ਸ਼ੰਭੂ ਮੋਰਚੇ ਉੱਪਰ ਮੀਟਿੰਗ ਹੋਈ।
ਕਿਸਾਨ ਆਗੂਆਂ ਵੱਲੋਂ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਹਾੜੇ ਮੌਕੇ ਤਿੰਨੋਂ ਮੋਰਚਿਆਂ ਉੱਪਰ ਵੱਡੀ ਗਿਣਤੀ ’ਚ ਭੈਣਾਂ ਵੱਲੋ ਮੋਰਚੇ ’ਚ ਲਗਵਾਈ ਗਈ ਹਾਜ਼ਰੀ ਅਤੇ ਸਫਲ ਮਹਿਲਾ ਮਹਾਪੰਚਾਇਤ ਲਈ ਉਨ੍ਹਾਂ ਦਾ ਧੰਨਵਾਦ ਕੀਤੀ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਮਹਿਲਾ ਕਿਸਾਨ ਮਹਾਪੰਚਾਇਤ ’ਚ ਸਾਰਾ ਦਿਨ ਸਟੇਜ ਦੀ ਕਾਰਵਾਈ ਮਹਿਲਾਵਾਂ ਵੱਲੋਂ ਹੀ ਚਲਾਈ ਗਈ। ਵੱਖ-ਵੱਖ ਮਹਿਲਾ ਬੁਲਾਰਿਆਂ ਵੱਲੋਂ ਵਿਸਥਾਰ ਪੂਰਵਕ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਡਾਕਟਰ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ, ਕਿਸਾਨਾਂ ਅਤੇ ਮਜ਼ਦੂਰਾਂ ਦੀ ਕੁੱਲ ਕਰਜ਼ ਮੁਕਤੀ ਸਮੇਤ ਸਾਰੀਆਂ ਮੰਗਾਂ ਉੱਪਰ ਚਾਨਣਾ ਪਾਇਆ ਗਿਆ।
ਦੋਨੋਂ ਫੋਰਮਾਂ ਵੱਲੋਂ ਸਫਲ ਮਹਿਲਾ ਮਹਾਪੰਚਾਇਤ ਉੱਪਰ ਤਸੱਲੀ ਪ੍ਰਗਟ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਨੂੰ ਜੋ ਹੁੰਗਾਰਾ ਮਿਲਿਆ ਹੈ, ਉਸ ਨੇ ਸਰਕਾਰ ਨੂੰ ਦੱਸ ਦਿੱਤਾ ਕਿ ਹੁਣ ਬੱਚਾ-ਬੱਚਾ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਸਤੇ ਤਿਆਰ ਹੈ। ਹੁਣ ਡੱਲੇਵਾਲ ਸ੍ਹਾਬ ਦੀ ਸੋਚ ਉੱਪਰ ਹੁਣ ਪੂਰੇ ਭਾਰਤ ਦੇ ਕਿਸਾਨ ਮੈਦਾਨ ’ਚ ਹੋਣੇ ਸ਼ੁਰੂ ਹੋ ਗਏ ਹਨ। ਇਹ ਬੀਬੀਆਂ ਵੱਲੋਂ ਹਜ਼ਾਰਾਂ ਦੀ ਗਿਣਤੀ ’ਚ ਮੋਰਚੇ ਵਿਚ ਪਹੁੰਚ ਕੇ ਅਤੇ ਸਫਲ ਮਹਿਲਾ ਮਹਾਪੰਚਾਇਤ ਕਰ ਕੇ ਸਿੱਧ ਕਰ ਦਿੱਤਾ ਗਿਆ।

Leave a Reply

Your email address will not be published. Required fields are marked *