ਅੰਦੋਲਨ ਲਈ ਕਿਸਾਨਾਂ, ਮਜ਼ਦੂਰਾਂ ਨੇ ਬਹੁਤ ਮੁਸੀਬਤਾਂ ਝੱਲੀਆਂ
ਖਨੌਰੀ : ਕੇਂਦਰ ਸਰਕਾਰ ਵੱਲੋਂ ਲਿਖਤ ਵਿਚ ਮੰਨੀਆ ਹੋਈਆ ਮੰਗਾਂ ਅਤੇ ਕੀਤੇ ਗਏ ਵਾਅਦਿਆ ਲਾਗੂ ਕਰਵਾਉਣ ਲਈ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਨੌਰੀ ਕਿਸਾਨ ਮੋਰਚੇ ਉੱਪਰ ਅੱਜ 108ਵੇਂ ਦਿਨ ਵੀ ਜਾਰੀ ਰਿਹਾ।
ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ 13 ਫਰਵਰੀ 2024 ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸ਼ੁਰੂ ਹੋਏ ਅੰਦੋਲਨ ਨੂੰ ਅੱਜ 396 ਦਿਨ ਹੋ ਗਏ ਹਨ ਅਤੇ ਇਸ ਸਮੇਂ ਦੌਰਾਨ ਅੰਦੋਲਨਕਾਰੀਆਂ ਵੱਲੋਂ ਗਰਮੀ, ਸਰਦੀ, ਮੀਂਹ ਝੱਖੜ ਹਰ ਇਕ ਮੁਸੀਬਤ ਨੂੰ ਆਪਣੇ ਉੱਪਰ ਹੰਢਾਉਦਿਆਂ ਹੋਏ ਹਰ ਇਕ ਦੇਸ਼ ਵਾਸੀ ‘ਤੇ ਹੱਕਾਂ ਲਈ ਅੰਦੋਲਨ ਨੂੰ ਲੜਿਆ ਜਾ ਰਿਹਾ ਹੈ।
ਕਿਸਾਨ ਆਗੂਆਂ ਕਿਹਾ ਕਿ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਲਈ ਖਨੌਰੀ ਬਾਰਡਰ ਤੋਂ ਜਾਣ ਸਮੇਂ ਹੋਏ ਐਕਸੀਡੈਂਟ ਵਿੱਚ ਕੁਰਬਰੂ ਸ਼ਾਂਤਾ ਕੁਮਾਰ ਜੀ ਅੱਜ ਵੀ ਬੰਗਲੌਰ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ ਅਤੇ ਉਹਨਾਂ ਦੇ ਨਾਲ ਹੀ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਦੇ ਰੀੜ ਦੀ ਹੱਡੀ ਨੂੰ ਸੱਟ ਲੱਗੀ ਹੋਈ ਹੈ।
ਇਸ ਅੰਦੋਲਨ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੇ ਬਹੁਤ ਮੁਸੀਬਤਾਂ ਝੱਲੀਆਂ ਅੰਦੋਲਨ ਦੌਰਾਨ ਨੌਜਵਾਨ ਸ਼ਹੀਦ ਸ਼ੁਭਕਰਨ ਸਿੰਘ ਨੂੰ ਖੋਇਆ, ਬਾਰਡਰਾ ਉੱਪਰ ਬੈਠੇ ਕਿਸਾਨ ਦੂਸਰੀ ਵਾਰ ਤਿਉਹਾਰ ਬਾਰਡਰਾਂ ਉੱਪਰ ਹੀ ਮਨਾਉਣ ਲਈ ਮਜਬੂਰ ਹਨ ਪਰ ਕੇਂਦਰ ਸਰਕਾਰ ਲਿਖਤ ਵਿੱਚ ਮੰਨੀਆ ਹੋਈਆਂ ਮੰਗਾਂ ਤੇ ਕੀਤੇ ਗਏ ਵਾਅਦਿਆ ਨੂੰ ਲਾਗੂ ਕਰਨ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੀ ਪਈ ਹੈ।
