ਬੱਚੇ ਹਸਪਤਾਲ ’ਚ ਦਾਖਲ , ਪੁਲਿਸ ਕਰ ਰਹੀ ਜਾਂਚ
ਗੁਜਰਾਤ ਦੇ ਸਾਬਰਕਾਂਠਾ ਜ਼ਿਲੇ ’ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਕਿਸਾਨ ਜੋੜੇ ਨੇ ਆਪਣੇ ਤਿੰਨ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ।
ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਵਡਾਲੀ ਕਸਬੇ ’ਚ ਵਾਪਰੀ ਇਸ ਘਟਨਾ ਦੇ ਪਿੱਛੇ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹੈ। ਵਡਾਲੀ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਰਵੀਰਾਜ ਜੋਸ਼ੀ ਨੇ ਕਿਹਾ ਕਿ ਜੋੜੇ, ਉਨ੍ਹਾਂ ਦੇ 2 ਪੁੱਤਰਾਂ ਅਤੇ ਇਕ ਧੀ ਨੂੰ ਸ਼ਨੀਵਾਰ ਸਵੇਰੇ ਉਲਟੀਆਂ ਆਉਣ ਲੱਗੀਆਂ। ਇਸ ਤੋਂ ਬਾਅਦ ਕੁਝ ਗੁਆਂਢੀਆਂ ਨੇ ਐਂਬੂਲੈਂਸ ਬੁਲਾਈ ਅਤੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ।
ਉਸ ਨੇ ਕਿਹਾ ਕਿ ਉੱਥੋਂ, ਉਸ ਨੂੰ ਦੁਪਹਿਰ ਦੇ ਕਰੀਬ ਹਿੰਮਤਨਗਰ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਕਿਸਾਨ ਦੀ ਸ਼ਾਮ ਨੂੰ ਮੌਤ ਹੋ ਗਈ, ਜਦੋਂ ਕਿ ਉਸਦੀ ਪਤਨੀ ਦੀ ਮੌਤ ਐਤਵਾਰ ਸਵੇਰੇ ਹੋਈ। ਅਫ਼ਸਰ ਨੇ ਕਿਹਾ ਕਿ ਮ੍ਰਿਤਕ ਇਕ ਕਿਸਾਨ ਸੀ। ਪਰਿਵਾਰ ਨੇ ਇਹ ਕਦਮ ਕਿਉਂ ਚੁੱਕਿਆ? ਇਸ ਦਾ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਵਿਨੂ ਸਾਗਰ (42) ਅਤੇ ਉਸ ਦੀ ਪਤਨੀ ਕੋਕਿਲਾਬੇਨ (40) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਇਕ 19 ਸਾਲਾ ਧੀ ਅਤੇ 17 ਅਤੇ 18 ਸਾਲ ਦੇ ਪੁੱਤਰ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ।