ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ
ਪਟਿਆਲਾ – ਅੱਜ ਦੇਸ਼ ਭਰ ’ਚ ਸ਼ੰਭੂ-ਖਨੌਰੀ ਬਾਰਡਰ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨੇ ਲੋਹੜੀ ਬਾਲ ਕੇ ਖੇਤੀ ਨੀਤੀ ਖਰੜੇ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ।
ਇਸ ਮੌਕੇ ਕਿਸਾਨ ਨੇਤਾਵਾਂ ਸਰਵਣ ਸਿੰਘ ਪੰਧੇਰ, ਬਲਵੰਤ ਸਿੰਘ ਬਹਿਰਾਮਕ ਨੇ ਦੱਸਿਆ ਕਿ ਸ਼ੰਭੂ ਬਾਰਡਰ ਮੋਰਚਾ ਪਿਛਲੇ ਸਾਲ ਫਰਵਰੀ 13 ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਨਿਰੰਤਰ ਚੱਲ ਰਹੇ ਕਿਸਾਨ ਅੰਦੋਲਨ-2 ਨੂੰ ਅੱਜ 334 ਦਿਨ ਪੂਰੇ ਹੋਏ ਹਨ, ਜਿਸ ਕਰ ਕੇ ਮੋਰਚੇ ’ਤੇ ਇਕੱਤਰ ਕਿਸਾਨ ਅਤੇ ਨੇੜਲੇ ਪਿੰਡਾਂ ਤੋਂ ਆਈ ਸੰਗਤ ਨੂੰ ਕਿਸਾਨ ਆਗੂਆਂ ਨੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ।
ਦੋਨਾਂ ਫੋਰਮਾਂ ਦੇ ਫੈਸਲਿਆਂ ਅਨੁਸਾਰ ਪੂਰੇ ਦੇਸ਼ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ’ਚ ਭਾਰਤ ਸਰਕਾਰ ਵੱਲੋਂ ਬਣਾਈ ਨਵੀਂ ਖੇਤੀ ਮਾਰਕਟਿੰਗ ਨੀਤੀ ਦੇ ਖਰੜੇ ਦੀਆਂ ਕਾਪੀਆਂ ਨੂੰ ਲੋਹੜੀ ’ਚ ਸਾੜਨ ਦੀ ਅਪੀਲ ’ਤੇ ਸ਼ੰਭੂ ਬਾਰਡਰ ਦੀ ਸਟੇਜ ਕੋਲ ਕਿਸਾਨਾਂ ਅਤੇ ਸੰਗਤਾਂ ਦੀ ਹਾਜ਼ਰੀ ’ਚ ਨਵੇਂ ਖ਼ੇਤੀ ਮਾਰਕੀਟਿੰਗ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਗਈਆਂ।
ਦੂਜੇ ਪਾਸੇ ਖਨੌਰੀ ਬਾਰਡਰ ’ਤੇ ਦੇਸ਼-ਵਿਆਪੀ ਕਿਸਾਨਾਂ, ਮਜ਼ਦੂਰਾਂ ਦੀਆਂ 12 ਮੰਗਾਂ ਨੂੰ ਮਨਵਾਉਣ ਲਈ 50 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਚਿੰਤਾ ਦਰਸ਼ਾਉਂਦਿਆਂ ਭਾਰਤ ਸਰਕਾਰ ਦੇ ਅਣਮਨੁੱਖੀ ਰਵੱਈਏ ’ਤੇ ਵੀ ਦੁੱਖ ਪ੍ਰਗਟਾਇਆ।
ਇਸ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ, ਬਲਵੰਤ ਸਿੰਘ ਬਹਿਰਾਮਕੇ, ਰਣਜੀਤ ਸਿੰਘ ਰਾਜੂ ਰਾਜਸਥਾਨ, ਤੇਜਵੀਰ ਸਿੰਘ ਪੰਜੋਖੜਾ ਸਾਹਿਬ, ਜੰਗ ਸਿੰਘ ਭਟੇੜੀ, ਸਤਨਾਮ ਸਿੰਘ ਸਾਹਨੀ, ਬਲਕਾਰ ਸਿੰਘ ਬੇਂਸ, ਗੁਰਦੇਵ ਸਿੰਘ ਗੱਜੂਮਾਜਰਾ, ਹਰਜੀਤ ਸਿੰਘ ਫੌਜੀ ਮਾਂਗਟ ਅਤੇ ਪਰਮਿੰਦਰ ਜੀਤ ਸਿੰਘ ਜ਼ਿਲਾ ਸਕੱਤਰ ਵੀ ਮੌਜੂਦ ਸਨ।
