ਮੁੰਬਈ, 19 ਦਸੰਬਰ : ਮੁੰਬਈ ਦੇ ਸਮੁੰਦਰੀ ਤੱਟ ਤੋਂ ਥੋੜ੍ਹੀ ਦੂਰੀ ‘ਤੇ ਬੁੱਧਵਾਰ ਨੂੰ ਇੱਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਘਟਨਾ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਕਿਹਾ ਕਿ ਅੱਜ ਦੁਪਹਿਰ ਮੁੰਬਈ ਹਾਰਬਰ ‘ਚ ਇੰਜਣ ਫੇਲ ਹੋਣ ਕਾਰਨ ਭਾਰਤੀ ਜਲ ਸੈਨਾ ਦਾ ਜਹਾਜ਼ ਕੰਟਰੋਲ ਗੁਆ ਬੈਠਾ। ਇਸ ਦੇ ਨਤੀਜੇ ਵਜੋਂ ਜਹਾਜ਼ ਇਕ ਪੈਸੇਂਜਰ ਕਿਸ਼ਤੀ ਨਾਲ ਟਕਰਾ ਗਿਆ, ਜੋ ਬਾਅਦ ਵਿਚ ਪਲਟ ਗਿਆ। ਇਸ ਵਿਚ ਸਵਾਰ 13 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਵਾਲੀ ਥਾਂ ਤੋਂ ਤੁਰੰਤ ਖੋਜ ਅਤੇ ਬਚਾਅ ਦੀ ਕੋਸ਼ਿਸ਼ਾਂ ਤੁਰੰਤ ਸ਼ੁਰੂ ਕਰ ਦਿੱਤੀਆਂ ਗਈਆਂ, ਜਿਸ ਵਿੱਚ 4 ਜਲ ਸੈਨਾ ਦੇ ਹੈਲੀਕਾਪਟਰ, 1 ਕੋਸਟ ਗਾਰਡ ਕਿਸ਼ਤੀ ਅਤੇ ਤਿੰਨ ਸਮੁੰਦਰੀ ਪੁਲਿਸ ਕਰਾਫਟ ਨੂੰ ਜਿਉਂਦਾ ਲੋਕਾਂ ਨੂੰ ਕੱਢਣ ਦੇ ਲਈ ਕਾਰਵਾਈ ਵਿੱਚ ਲਾਇਆ ਗਿਆ।
ਜਾਣਕਾਰੀ ਅਨੁਸਾਰ 18 ਦਸੰਬਰ ਬਾਅਦ ਦੁਪਹਿਰ ਨੀਲਕਮਲ ਨਾਮੀ ਕਿਸ਼ਤੀ ਗੇਟਵੇ ਆਫ ਇੰਡੀਆ ਇਲਾਕੇ ਤੋਂ ਐਲੀਫੈਂਟਾ ਜਾ ਰਹੀ ਸੀ। ਕਿਸ਼ਤੀ ਡੁੱਬਣ ਦੀ ਘਟਨਾ ਤੋਂ ਬਾਅਦ 56 ਲੋਕਾਂ ਨੂੰ ਜੇਐਨਪੀਟੀ ਹਸਪਤਾਲ, 9 ਲੋਕਾਂ ਨੂੰ ਨੇਵੀ ਡੌਕਯਾਰਡ ਹਸਪਤਾਲ, 9 ਲੋਕਾਂ ਨੂੰ ਸੇਂਟ ਜਾਰਜ ਹਸਪਤਾਲ ਅਤੇ ਇੱਕ ਵਿਅਕਤੀ ਨੂੰ ਅਸ਼ਵਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕੁੱਲ 99 ਲੋਕਾਂ ਨੂੰ ਬਚਾਇਆ ਗਿਆ ਹੈ।
