ਗੜ੍ਹਸ਼ੰਕਰ – ਬਿਸਤ ਦੁਆਬ ਨਹਿਰ ਕੰਢੇ ਗੜ੍ਹਸ਼ੰਕਰ ਤੋਂ ਆਦਮਪੁਰ ਨੂੰ ਜਾਣ ਵਾਲੀ ਸੜਕ ਤੇ ਇਕ ਕਾਰ ਅਤੇ ਕੈਂਟਰ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ।
ਇਸ ਹਾਦਸੇ ’ਚ ਮਰਨ ਵਾਲਿਆਂ ’ਚ ਮਾਂ-ਬਾਪ ਅਤੇ ਧੀ ਸ਼ਾਮਲ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਔਰਤ ਦੀ ਲਾਸ਼ ਨੂੰ ਬਾਹਰ ਕੱਢਣ ਲਈ ਪੁਲਸ ਅਤੇ ਲੋਕਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਇਸ ਕੰਮ ਲਈ ਜੇ. ਸੀ. ਬੀ. ਦੀ ਵਰਤੋਂ ਕੀਤੀ ਗਈ।
ਜਾਣਕਾਰੀ ਮੁਤਾਬਕ ਗੁਰਨਾਮ ਸਿੰਘ (45) ਪੁੱਤਰ ਜੋਗਿੰਦਰ ਸਿੰਘ ਪਿੰਡ ਮਾਨੇਵਾਲ ਥਾਣਾ ਬਲਾਚੌਰ ਆਪਣੀ ਪਤਨੀ ਵਰਿੰਦਰ ਕੌਰ (42) ਅਤੇ 7 ਸਾਲਾ ਧੀ ਸੀਰਤ ਕੌਰ ਨਾਲ ਆਲਟੋ ਕਾਰ ’ਚ ਸਵਾਰ ਹੋ ਕੇ ਕੋਟਫਤੂਹੀ ਨੇੜੇ ਕਿਸੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਹੋ ਗਈ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਹਾਦਸੇ ਦੀ ਸੂਚਨਾ ਮਿਲਣ ’ਤੇ ਮਾਹਿਲਪੁਰ ਪੁਲਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਮੁਰਦਾਘਰ ’ਚ ਰਖਵਾ ਦਿੱਤੀਆਂ।
