ਲੁਧਿਆਣਾ-ਸਾਈਬਰ ਅਪਰਾਧੀ ਲੋਕਾਂ ਨੂੰ ਝਾਂਸੇ ’ਚ ਲੈ ਕੇ ਲਗਾਤਾਰ ਠੱਗੀ ਦੀਆਂ ਵਾਰਦਾਤਾਂ ਕਰ ਰਹੇ ਹਨ। ਅਜਿਹਾ ਹੀ ਇਕ ਹੋਰ ਕੇਸ ਸਾਹਮਣੇ ਆਇਆ ਹੈ, ਜਿਸ ’ਚ ਸਾਈਬਰ ਅਪਰਾਧੀਆਂ ਨੇ ਸੈਨੇਟਰੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਸ਼ੇਅਰ ਮਾਰਕੀਟ ’ਚ ਇਨਵੈਸਟ ਕਰ ਕੇ ਜ਼ਿਆਦਾ ਮੁਨਾਫਾ ਦਿਵਾਉਣ ਦਾ ਝਾਂਸਾ ਦੇ ਕੇ 22.18 ਲੱਖ ਰੁਪਏ ਠੱਗ ਲਏ।
ਠੱਗੀ ਦਾ ਪਤਾ ਲੱਗਣ ’ਤੇ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਨੇ ਬਲਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਸ ਸ਼ਿਕਾਇਤ ’ਚ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਦੁੱਗਰੀ ਦਾ ਰਹਿਣ ਵਾਲਾ ਹੈ ਅਤੇ ਸੈਨੇਟਰੀ ਦਾ ਕਾਰੋਬਾਰ ਕਰਦਾ ਹੈ। ਕੁਝ ਮਹੀਨੇ ਪਹਿਲਾਂ ਉਸ ਨੇ ਇਕ ਫੇਸਬੁੱਕ ’ਤੇ ਇਸ਼ਤਿਹਾਰ ਦੇਖਿਆ ਸੀ, ਜਿਸ ਵਿਚ ਸ਼ੇਅਰ ਮਾਰਕੀਟ ’ਚ ਇਨਵੈਸਟ ਕਰ ਕੇ ਜ਼ਿਆਦਾ ਮੁਨਾਫਾ ਕਮਾਉਣ ਦਾ ਲਿਖਿਆ ਹੋਇਆ ਸੀ।
ਉਸ ਇਸ਼ਤਿਹਾਰ ’ਤੇ ਕਲਿੱਕ ਕੀਤਾ ਤਾਂ ਉਹ ਆਪਣੇ ਆਪ ‘ਆਈ. ਈ. ਐੱਫ. ਗ੍ਰੋ ਟੂਗੈਦਰ–99’ ਵ੍ਹਟਸਐਪ ਗਰੁੱਪ ’ਚ ਐਡ ਹੋ ਗਿਆ। ਫਿਰ ਉਸ ਨੂੰ ਕਿਸੇ ਹੋਰ ਵ੍ਹਟਸਐਪ ਨੰਬਰ ਤੋਂ ਮੈਸੇਜ ਆਉਣੇ ਸ਼ੁਰੂ ਹੋ ਗਏ, ਜੋ ਕਿ ਸ਼ੇਅਰ ਮਾਰਕੀਟ ’ਚ ਇਨਵੈਸਟ ਕਰ ਕੇ ਜ਼ਿਆਦਾ ਮੁਨਾਫਾ ਕਮਾਉਣ ਸਬੰਧੀ ਸੀ।
ਇਸ ਤੋਂ ਬਾਅਦ ਉਸ ਨੰਬਰ ’ਤੇ ਆਈ. ਈ. ਐੱਫ. ਐਪ ਦਾ Çਲਿੰਕ ਭੇਜ ਕੇ ਡਾਊਨਲੋਡ ਕਰਨ ਲਈ ਕਿਹਾ। ਉਸ ਨੇ ਐੱਪ ਡਾਊਨਲੋਡ ਕਰ ਲਈ ਸੀ। ਇਸ ਤੋਂ ਬਾਅਦ ਐਪ ਜ਼ਰੀਏ ਉਹ ਸ਼ੇਅਰ ਮਾਰਕੀਟ ’ਚ ਪੈਸੇ ਇਨਵੈਸਟ ਕਰਨ ਲੱਗਾ। ਉਸ ਨੇ ਮੁਲਜ਼ਮਾਂ ਵਲੋਂ ਦਿੱਤੇ ਹੋਏ ਵੱਖ-ਵੱਖ ਖਾਤਾ ਨੰਬਰਾਂ ’ਤੇ ਵੱਖ-ਵੱਖ ਸਮਿਆਂ ’ਤੇ ਕੁੱਲ 22 ਲੱਖ 18 ਹਜ਼ਾਰ 103 ਰੁਪਏ ਇਨਵੈਸਟ ਕਰ ਦਿੱਤੇ।
ਜਦੋਂ ਉਸ ਨੇ ਮੁਲਜ਼ਮਾਂ ਦੇ ਨੰਬਰਾਂ ’ਤੇ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਮੁਲਜ਼ਮਾਂ ਵਲੋਂ ਨੰਬਰ ਬੰਦ ਕਰ ਦਿੱਤੇ ਗਏ ਅਤੇ ਐਪ ਵੀ ਬੰਦ ਕਰ ਦਿੱਤੀ ਸੀ। ਫਿਰ ਉਸ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ।
