ਸ਼ਹਿਰ ’ਚ ਰੋਸ ਮਾਰਚ ਕੱਢ ਕੇ ਕੀਤੀ ਨਾਅਰੇਬਾਜ਼ੀ
ਟਾਂਡਾ ਉੜਮੁੜ : ਕੁੱਲ ਹਿੰਦ ਕਾਂਗਰਸ ਦੇ ਸੱਦੇ |ਤੇ ਅੱਜ ਟਾਂਡਾ ਵਿਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਨਾਂ ਭਾਜਪਾ ਆਗੂਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕਾਂਗਰਸੀ ਕੌਂਸਲਰਾਂ, ਆਗੂਆਂ ਤੇ ਵਰਕਰਾਂ ਨੇ ਹੱਥਾਂ ’ਚ ਨਾਅਰਿਆਂ ਵਾਲੀਆਂ ਤਖਤੀਆਂ ਚੁੱਕ ਕੇ ਅਤੇ ਕੇਂਦਰ ਸਰਕਾਰ ਅਤੇ ਅਮਿਤ ਸ਼ਾਹ ਵਿਰੁੱਧ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟਾਇਆ। ਐੱਸ.ਸੀ. ਵਿੰਗ ਦੇ ਪ੍ਰਧਾਨ ਪਰਵਿੰਦਰ ਸਿੰਘ ਸਹਿਬਾਜ਼ਪੁਰ, ਬਲਾਕ ਪ੍ਰਧਾਨ ਅਵਤਾਰ ਸਿੰਘ ਖੋਖਰ, ਪ੍ਰਧਾਨ ਗੁਰਸੇਵਕ ਮਾਰਸ਼ਲ, ਲੱਬਾ ਜਹੂਰਾ ਅਤੇ ਦਲਜੀਤ ਸਿੰਘ ਗਿਲਜੀਆਂ ਦੀ ਦੇਖਰੇਖ ਵਿਚ ਵੱਡੀ ਗਿਣਤੀ ਵਿਚ ਕਾਂਗਰਸ ਵਰਕਰਾਂ ਨੇ ਭਾਗ ਲਿਆ |
ਮੁਜ਼ਾਹਰਾਕਾਰੀਆਂ ਨੇ ਬਲਾਕ ਕਾਂਗਰਸ ਦਫਤਰ ਤੋਂ ਸਰਕਾਰੀ ਹਸਪਤਾਲ ਚੌਂਕ ਤੱਕ ਰੋਸ ਮਾਰਚ ਵੀ ਕੱਢਿਆ। ਇਸ ਮੌਕੇ ਸਾਬਕਾ ਮੰਤਰੀ ਗਿਲਜੀਆਂ ਨੇ ਆਖਿਆ ਕਿ ਅੱਜ ਉਹ ਸਾਰੇ ਸਾਥੀਆਂ ਨਾਲ ਮਿਲਕੇ ਪਿਛਲੇ ਸਮੇਂ ਦੌਰਾਨ ਗ੍ਰਹਿ ਮੰਤਰੀ ਵੱਲੋਂ ਸੰਵਿਧਾਨ ਨਿਰਮਾਤਾ ਖ਼ਿਲਾਫ਼ ਕੀਤੀਆਂ ਟਿੱਪਣੀਆਂ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਅਮਿਤ ਸ਼ਾਹ ਵੱਲੋਂ ਡਾ. ਭੀਮ ਰਾਓ ਅੰਬੇਡਕਰ ਖਿਲਾਫ ਮਾੜੀ ਸ਼ਬਦਾਵਲੀ ਬੋਲੀ ਗਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
