ਬਟਾਲਾ, 19 ਦਸੰਬਰ-ਕੇਂਦਰੀ ਗ੍ਰਹਿ ਮੰਤਰੀ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਦਰਭ ’ਚ ਕੀਤੀ ਗਈ ਟਿੱਪਣੀ ਦੇ ਵਿਰੋਧ ਵਿਚ ਅੱਜ ਕਾਂਗਰਸ ਪਾਰਟੀ ਨੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੌਤਮ ਸੇਠ ਗੁੱਡੂ ਅਤੇ ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਗਾਂਧੀ ਚੌਕ ਬਟਾਲਾ ਵਿਖੇ ਅਮਿਤ ਸ਼ਾਹ ਦਾ ਪੁਤਲਾ ਫੂਕਿਆ।
ਇਸ ਸਬੰਧੀ ਵਿਧਾਇਕ ਤ੍ਰਿਪਤ ਬਾਜਵਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਦਰਭ ’ਚ ਕੀਤੀ ਗਈ ਟਿੱਪਣੀ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਇੰਨੇ ਵੱਡੇ ਅਹੁਦੇ ’ਤੇ ਹੋਣ ਬਾਵਜੂਦ ਅਮਿਤ ਸ਼ਾਹ ਨੂੰ ਅਜਿਹੀਆਂ ਟਿੱਪਣੀਆਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਇਸ ਨਾਲ ਹੁਣ ਭਾਰਤੀ ਜਨਤਾ ਪਾਰਟੀ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਜਿਥੇ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਉੱਥੇ ਹੀ ਹਰ ਰੋਜ਼ ਦੇਸ਼ ਅਤੇ ਕਿਸਾਨਾਂ ਵਿਰੁੱਧ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਡਾ. ਭੀਮ ਰਾਓ ਅੰਬੇਡਕਰ ਦੇ ਸੰਦਰਭ ’ਚ ਕੀਤੀ ਟਿੱਪਣੀ ਲਈ ਮੁਆਫੀ ਮੰਗਣ।
ਇਸ ਮੌਕੇ ਮਨਦੀਪ ਸਿੰਘ ਰੰਗੜ ਨੰਗਲ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ਸਾਹਿਬ, ਮੇਅਰ ਸੁਖਦੀਪ ਤੇਜਾ, ਸੁਨੀਲ ਸਰੀਨ ਸੀਨੀਅਰ ਡਿਪਟੀ ਮੇਅਰ, ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਰਮੇਸ਼ ਵਰਮਾ, ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੌਤਮ ਸੇਠ, ਮਨਮਿੰਦਰ ਸਿੰਘ, ਕਸ਼ਮੀਰ ਸਿੰਘ ਨੱਤ ਬਲਾਕ ਸੰਮਤੀ ਮੈਂਬਰ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਕੌਂਸਲਰ ਚੰਦਰ ਮੋਹਨ ਵਿੱਜ, ਕੌਂਸਲਰ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।
