ਕਵਿਸ਼ਰੀ ਗਾਇਨ ਮੁਕਾਬਲੇ : ਰਾਮਪੁਰ ਛੰਨਾ ਦੇ ਲੜਕਿਆਂ ਅਤੇ ਮਸਤੂਆਣਾ ਅਕੈਡਮੀ ਦੀਆਂ ਲੜਕੀਆਂ ਜੇਤੂ

ਸੰਗਰੂਰ :  ਭਾਈ ਹਿੰਮਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਕਵਿਸ਼ਰੀ ਗਾਇਨ ਮੁਕਾਬਲੇ ਸਥਾਨਕ ਸ਼ਹੀਦ ਭਾਈ ਹਿੰਮਤ ਸਿੰਘ ਯਾਦਗਾਰੀ ਧਰਮਸ਼ਾਲਾ ਵਿਖੇ ਪ੍ਰਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਦੇ ਸਾਂਝੇ ਉਪਰਾਲੇ ਅਧੀਨ ਕਰਵਾਏ ਗਏ। ਇਸ ਸਮਾਗਮ ’ਚ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ, ਫਤਿਹਗੜ੍ਹ ਗੰਢੂਆਂ, ਜਨਾਲ, ਚੱਠੇ ਸੇਖਵਾਂ, ਉਪਲੀ, ਜੋਤੀਸਰ, ਮਸਤੂਆਣਾ ਸਾਹਿਬ, ਬਹਾਦਰਪੁਰ ਤੋਂ ਇਲਾਵਾ ਰਾਮਪੁਰਾ ਛੰਨਾ (ਮਾਲੇਰਕੋਟਲਾ) ਮਨਾਲ (ਬਰਨਾਲਾ) ਅਤੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ 100 ਦੇ ਲਗਭਗ ਵਿਦਿਆਰਥੀਆਂ ਨੇ ਭਾਗ ਲਿਆ।

ਇਨ੍ਹਾਂ ਮੁਕਾਬਲਿਆਂ ਲਈ ਜੱਜ ਸਾਹਿਬਾਨ ਕਵੀਸ਼ਰ ਚਮਕੌਰ ਸਿੰਘ ਅਲਬੇਲਾ, ਪ੍ਰਸਿੱਧ ਸੰਗੀਤਕਾਰ ਸੰਜੀਵ ਸੁਲਤਾਨ ਅਤੇ ਪ੍ਰੋ. ਹਰਵਿੰਦਰ ਕੌਰ ਸੰਗਰੂਰ ਨੇ ਨਿਭਾਈ। ਜਪਦੀਪ ਸਿੰਘ ਰਾਮਪੁਰਾ ਛੰਨਾ, ਜਸਮੀਨ ਕੌਰ ਜਨਾਲ, ਦੀਸ਼ਕਾ ਸ਼੍ਰੀ ਨੈਣਾ ਦੇਵੀ ਪਬਲਿਕ ਸਕੂਲ ਸੰਗਰੂਰ, ਨਵਜੋਤ ਕੌਰ, ਅਰਸ਼ਨੂਰ ਕੌਰ ਵੱਲੋਂ ਕੀਤੀ ਕਵਿਤਾਵਾਂ ਦੀ ਖੂਬਸੂਰਤ ਪੇਸ਼ਕਾਰੀ ਨੂੰ ਸਰੋਤਿਆਂ ਵੱਲੋਂ ਜੈਕਾਰਿਆਂ ਦੀ ਗੂੰਜ ’ਚ ਦਾਦ ਪ੍ਰਾਪਤ  ਹੋਈ।

ਅਜਮੇਰ ਸਿੰਘ ਨੇ ਸਟੱਡੀ ਸਰਕਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਰਵਿੰਦਰ ਸਿੰਘ ਦਿੜ੍ਹਬਾ ਲੈਕਚਰਾਰ ਨੇ ਭਾਈ ਹਿੰਮਤ ਸਿੰਘ ਜੀ ਦੇ ਜੀਵਨ ਇਤਿਹਾਸ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਭਾਈ ਨਾਜ਼ਰ ਸਿੰਘ ਭਲਵਾਨ ਨੇ ਬੱਚਿਆਂ ਨੂੰ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ’ਚ ਸੁਚੱਜੀ ਜੀਵਨ ਜਾਚ ਅਪਨਾਉਣ ਦੀ ਪ੍ਰੇਰਨਾ ਕੀਤੀ।

ਇਸ ਮੌਕੇ  ਸੁਖਦੇਵ ਸਿੰਘ ਡੀ. ਐੱਸ. ਪੀ. (ਆਰ.), ਭਾਈ ਮੰਗਾ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,  ਹਰਿੰਦਰ ਪਾਲ ਸਿੰਘ ਖਾਲਸਾ ਸਾਬਕਾ ਐੱਮ. ਸੀ. ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋ ਕੇ ਸਟੱਡੀ ਸਰਕਲ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਣ ਦੇ ਲਗਾਤਾਰ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।

ਇਸ  ਦੌਰਾਨ ਸਮੁੱਚੇ ਤੌਰ ’ਤੇ ਨਤੀਜੇ ਅਨੁਸਾਰ ਲੜਕਿਆਂ ਦੇ ਮੁਕਾਬਲੇ ’ਚੋਂ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ, ਮੀਰੀ ਪੀਰੀ ਵਿਦਿਆਲਿਆ ਜੋਤੀਸਰ ਖੁਰਾਣਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਪਲੀ ਨੇ ਕ੍ਰਮਵਾਰ ਪਹਿਲਾ,  ਦੂਜਾ,  ਤੀਜਾ  ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸਰਕਾਰੀ ਪ੍ਰਾਇਮਰੀ ਸਕੂਲ ਉਪਲੀ ਅਤੇ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ।

ਲੜਕੀਆਂ ਦੇ ਮੁਕਾਬਲਿਆਂ ’ਚੋਂ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ, ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਅਤੇ ਆਦਰਸ਼ ਮਾਡਲ ਸਕੂਲ ਸੰਗਰੂਰ ਨੇ ਕ੍ਰਮਵਾਰ ਪਹਿਲਾ,  ਦੂਜਾ  ਅਤੇ  ਤੀਜਾ  ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਆਧਾਰ ਪਬਲਿਕ ਸਕੂਲ ਬਡਰੁੱਖਾਂ ਅਤੇ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ।

ਇਸ ਸਮਾਗਮ ਲਈ ਪ੍ਰਿੰਸੀਪਲ ਰੰਜਨਾ ਸ਼ਰਮਾ ਸੰਗਰੂਰ, ਗੁਰਪ੍ਰੀਤ ਸਿੰਘ ਮਸਤੂਆਣਾ ਸਾਹਿਬ, ਮਨਪ੍ਰੀਤ ਸਿੰਘ ਸਿੰਘ ਜੋਤੀਸਰ, ਮੱਖਣ ਸਿੰਘ ਧੂਰੀ, ਰਣਜੀਤ ਸਿੰਘ ਨਹਿਲ ਚੱਠੇ, ਜਗਦੀਪ ਸਿੰਘ ਫਤਿਹਗੜ੍ਹ ਗੰਢੂਆਂ, ਰਾਜੇਸ਼ ਨਾਗਰ ਮਨਾਲ, ਕਰਾਂਤੀ ਸ਼ੇਰ ਗਿੱਲ ਰਾਮਪੁਰਾ ਛੰਨਾ, ਸੁਖਵੀਰ ਕੌਰ ਫਤਿਹਗੜ੍ਹ ਛੰਨਾ, ਪਰਮਿੰਦਰ ਕੌਰ ਸੰਗਰੂਰ , ਪਰਮਜੀਤ ਕੌਰ ਉਪਲੀ, ਹਰਬੰਸ ਕੌਰ ਬਡਰੁੱਖਾਂ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

Leave a Reply

Your email address will not be published. Required fields are marked *